ਰੇਲ ਹਾਦਸਾ ਪੀੜਤਾਂ ਅੱਗੇ ਝੁਕੀ ਸਰਕਾਰ, 7 ਦਿਨਾਂ ''ਚ ਦੇਵੇਗੀ ਸਰਕਾਰੀ ਨੌਕਰੀ

Thursday, Dec 19, 2019 - 09:40 PM (IST)

ਰੇਲ ਹਾਦਸਾ ਪੀੜਤਾਂ ਅੱਗੇ ਝੁਕੀ ਸਰਕਾਰ, 7 ਦਿਨਾਂ ''ਚ ਦੇਵੇਗੀ ਸਰਕਾਰੀ ਨੌਕਰੀ

ਅੰਮ੍ਰਿਤਸਰ,(ਸੰਜੀਵ)- ਇਨਸਾਫ ਲਈ ਪਿਛਲੇ 10 ਦਿਨ ਤੋਂ ਧਰਨੇ 'ਤੇ ਬੈਠੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਅੱਗੇ ਆਖਿਕਾਰ ਸਰਕਾਰ ਝੁੱਕ ਗਈ ਅਤੇ ਉਨ੍ਹਾਂ ਨੂੰ 7 ਦਿਨ ਵਿਚ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਉਪਰੰਤ ਧਰਨਾ ਚੁੱਕਿਆ ਗਿਆ। ਬਾਅਦ ਦੁਪਹਿਰ 4 ਵਜੇ ਜਿਲ੍ਹਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਨਾਲ ਹੋਈ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਕੱਲ ਤੋਂ ਏ. ਡੀ. ਸੀ. ਹਿਮਾਂਸ਼ੂ ਅਗਰਵਾਲ ਅਤੇ ਏ. ਡੀ. ਸੀ. ਪੀ-3 ਹਰਪਾਲ ਸਿੰਘ ਦੀ ਪ੍ਰਧਾਨਗੀ ਵਿਚ ਬਣਾਈ ਗਈ ਦੋ ਮੈਂਬਰੀ ਕਮੇਟੀ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੀਆਂ ਨੌਕਰੀਆਂ ਸਬੰਧੀ ਫਾਈਲਾਂ ਤਿਆਰ ਕਰਨਗੇ ਅਤੇ ਠੀਕ 7 ਦਿਨ ਦੇ ਬਾਅਦ ਨੌਕਰੀਆਂ ਦੀ ਇਹ ਫਾਈਲ ਜਿਲ੍ਹਾਧੀਸ਼ ਚੰਡੀਗੜ੍ਹ ਭੇਜਣਗੇ, ਜਿਸ ਦੇ ਬਾਅਦ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। 

5 ਵਜੇ ਤੱਕ ਚੱਲੀ ਇਸ ਮੀਟਿੰਗ ਉਪਰੰਤ ਐਸ. ਡੀ. ਐਮ.ਵਿਕਾਸ ਹੀਰਾ ਅਤੇ ਏ. ਡੀ. ਸੀ. ਪੀ. ਹਰਪਾਲ ਸਿੰਘ ਰੇਲ ਹਾਦਸਾ ਪੀੜਤਾਂ ਦੇ ਨਾਲ ਭੰਡਾਰੀ ਪੁੱਲ 'ਤੇ ਆਏ ਅਤੇ ਉੱਥੇ ਮੀਡੀਆ ਨੂੰ ਸੰਬੋਧਨ ਕਰਨ ਦੇ ਬਾਅਦ ਧਰਨਾ ਚੁੱਕਿਆ ਗਿਆ। ਇੱਥੇ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਦੇ 14 ਮਹੀਨੇ ਬੀਤ ਜਾਣ ਦੇ ਬਾਅਦ ਵੀ ਪੀੜਤ ਪਰਿਵਾਰ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਨ। ਪਿਛਲੇ ਦਿਨੀ ਹੋਰ ਰਾਜਨੀਤਕ ਪਾਰਟੀਆ ਵਲੋਂ ਜਦੋਂ ਉਨ੍ਹਾਂ ਪੀੜਤਾਂ ਨੂੰ ਆਪਣਾ ਸਮੱਰਥਨ ਦਿੱਤਾ ਗਿਆ ਤਾਂ ਸਰਕਾਰ ਦੀਆਂ ਨਿੰਦਰਾਂ ਟੁੱਟੀਆਂ ਤੇ ਨੌਕਰੀ ਸਬੰਧੀ ਕੀਤਾ ਗਿਆ ਵਾਅਦਾ ਯਾਦ ਆਇਆ, ਜਿਸ 'ਤੇ ਅੱਜ ਜਿਲ੍ਹਾਧੀਸ਼ ਨੇ ਧਰਨੇ 'ਤੇ ਬੈਠੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਬੈਠਕ ਕਰਕੇ ਉਨ੍ਹਾ ਨੂੰ ਸਰਕਾਰ ਵਲੋਂ ਨੌਕਰੀ ਸਬੰਧੀ ਕੀਤੇ ਗਏ ਫੈਸਲੇ ਨੂੰ ਦੱਸਿਆ ਅਤੇ ਸਾਰੇ ਪਰਿਵਾਰਾਂ ਦੀਆਂ ਫਾਈਲਾਂ ਸਬੰਧੀ 2 ਮੈਂਬਰੀ ਟੀਮ ਬਣਾ ਕੇ 7 ਦਿਨ ਦਾ ਸਮਾਂ ਮੰਗਿਆ।


Related News