ਗੌਂਡਰ ਗਰੁੱਪ ਦੀ ਪੋਸਟ ਦੇ ਕੁੱਝ ਘੰਟਿਆਂ ਬਾਅਦ ਬੱਚੀ ਨਾਲ ਹੈਵਾਨੀਅਤ ਕਰਨ ਵਾਲਾ ਗ੍ਰਿਫਤਾਰ
Tuesday, Jan 28, 2020 - 06:56 PM (IST)
ਫਿਰੋਜ਼ਪੁਰ/ਮੋਗਾ (ਕੁਮਾਰ) : ਗੌਂਡਰ ਗਰੁੱਪ ਵਲੋਂ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਥਾਣਾ ਜ਼ੀਰਾ ਦੀ ਪੁਲਸ ਨੇ 9 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਮੁਲਜ਼ਮ ਫਰਾਰ ਹੋਣ ਦੀ ਫਿਰਾਕ ਵਿਚ ਸੀ ਜਿਸ ਨੂੰ ਪੁਲਸ ਨੇ ਮੋਗਾ ਤੋਂ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਉਮਰ 35 ਸਾਲ ਹੈ ਅਤੇ ਉਹ ਚਾਰ ਬੱਚਿਆਂ ਦਾ ਪਿਤਾ ਹੈ।
ਦੱਸਣਯੋਗ ਹੈ ਕਿ ਵਿੱਕੀ ਗੌਂਡਰ ਨਾਮ ਦੀ ਇਕ ਫੇਸਬੁੱਕ ਆਈ. ਡੀ. 'ਤੇ ਲਿਖਿਆ ਗਿਆ ਸੀ ਕਿ 25-1-2020 ਨੂੰ ਇਥੇ ਇਕ 9 ਸਾਲ ਦੀ ਬੱਚੀ ਨਾਲ ਹੈਵਾਨੀਅਤ ਹੋਈ ਹੈ, ਇਸ ਮਾਮਲੇ ਵਿਚ ਜਿਨ੍ਹਾਂ ਦੇ ਵੀ ਨਾਮ ਸਾਹਮਣੇ ਆਉਣਗੇ ਜੇ ਪੁਲਸ ਤੋਂ ਪਹਿਲਾਂ ਉਹ ਸਾਡੇ ਗਰੁੱਪ ਦੇ ਹੱਥ ਆ ਗਏ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਵਿਚ ਭਾਵੇਂ ਸਾਡਾ ਮਿੱਤਰ ਵੀ ਹੋਵੇ ਉਹ ਵੀ ਨਹੀਂ ਬਖਸ਼ਿਆ ਜਾਵੇਗਾ। ਪੁਲਸ ਵੀ ਆਪਣਾ ਕੰਮ ਧਿਆਨ ਨਾਲ ਕਰੇ।