ਹੁਣ ਗੋਰਾਇਆ ਦੇ ਹੋਟਲ ਕਾਰੋਬਾਰੀ ਨੂੰ ਆਇਆ ਗੋਲਡੀ ਬਰਾੜ ਦੇ ਨਾਂ ’ਤੇ ਫੋਨ, ਮੰਗੀ 5 ਲੱਖ ਦੀ ਫਿਰੌਤੀ

07/01/2022 3:45:36 PM

ਗੋਰਾਇਆ (ਜ. ਬ.)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਲਗਾਤਾਰ ਪੰਜਾਬ ਵਿਚ ਦੁਕਾਨਦਾਰਾਂ, ਬਿਜ਼ਨੈੱਸਮੈਨਾਂ ਅਤੇ ਕਾਰੋਬਾਰੀਆਂ ਨੂੰ ਧਮਕੀ ਭਰੇ ਫਿਰੌਤੀ ਮੰਗਣ ਦੇ ਫ਼ੋਨ ਆ ਰਹੇ ਹਨ। ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਹੁਣ ਗੋਰਾਇਆ ਦੇ ਇਕ ਹੋਟਲ ਨੂੰ ਵੀ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਵਾਇਸ ਮੈਸੇਜ ਵੀ ਕੀਤੇ ਜਾ ਰਹੇ ਹਨ, ਜਿਸ ਦੀ ਪੁਸ਼ਟੀ ਥਾਣਾ ਮੁਖੀ ਗੋਰਾਇਆ ਵੱਲੋਂ ਵੀ ਕੀਤੀ ਗਈ ਹੈ ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਰੀਬ ਇਕ ਹਫ਼ਤਾ ਹੋ ਗਿਆ ਹੈ ਪਰ ਪੁਲਸ ਵੱਲੋਂ ਇਸ ਕੇਸ ’ਚ ਕੋਈ ਵੀ ਮਾਮਲਾ ਅਜੇ ਤਕ ਦਰਜ ਨਹੀਂ ਕੀਤਾ ਗਿਆ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੋਰਾਇਆ ਪੁਲਸ ਇਸ ਮਾਮਲੇ ਨੂੰ ਕਿੰਨਾ ਕੁ ਗੰਭੀਰਤਾ ਨਾਲ ਲੈ ਰਹੀ ਹੋਵੇਗੀ।

ਇਹ ਵੀ ਪੜ੍ਹੋ:  ਜਲੰਧਰ: ਪਠਾਨਕੋਟ ਚੌਂਕ ਨੇੜੇ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਉੱਡੇ ਚਿੱਥੜੇ

ਇਸ ਸਬੰਧੀ ਹੋਟਲ ਦੇ ਮੈਨੇਜਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 24 ਜੂਨ ਤੋਂ ਹੋਟਲ ਦੇ ਨੰਬਰ ’ਤੇ ਕੈਨੇਡਾ ਅਤੇ ਦੁਬਈ ਦੇ ਨੰਬਰਾਂ ਤੋਂ ਫੋਨ ਆ ਰਹੇ ਹਨ। ਫੋਨ ਕਰਨ ਵਾਲਾ ਸ਼ਖ਼ਸ ਆਪਣੇ-ਆਪ ਨੂੰ ਗੋਲਡੀ ਬਰਾੜ ਦੱਸ ਕੇ ਸਾਡੇ ਕੋਲ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਉਨ੍ਹਾਂ ਨੰਬਰਾਂ ਤੋਂ ਫੋਨ ਚੁੱਕਣੇ ਬੰਦ ਕਰ ਦਿੱਤੇ ਤਾਂ ਉਕਤ ਵਿਅਕਤੀ ਵੱਲੋਂ ਵਾਇਸ ਮੈਸੇਜ ਭੇਜ ਕੇ ਧਮਕੀਆਂ ਅਤੇ ਫਿਰੌਤੀ ਦੀ ਮੰਗ ਕੀਤੀ ਜਾਣ ਲੱਗੀ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਗੋਰਾਇਆ ਪੁਲਸ ਨੂੰ ਲਿਖ਼ਤੀ ਤੌਰ ’ਤੇ ਦੇ ਦਿੱਤੀ ਗਈ ਸੀ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਸੀ। ਹੋਟਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਗੁਹਾਰ ਵੀ ਲਾਈ ਜਾ ਰਹੀ ਹੈ ਕਿ ਨੈਸ਼ਨਲ ਹਾਈਵੇਅ ’ਤੇ ਹੋਟਲ ਹੋਣ ਕਾਰਨ ਦੇਰ ਰਾਤ ਤਕ ਇਥੇ ਆਵਾਜਾਈ ਚਲਦੀ ਰਹਿੰਦੀ ਹੈ ਅਤੇ ਹੋਟਲ ਦੇ ਬਾਹਰ ਕੁਝ ਗੱਡੀਆਂ ਅਤੇ ਕੁਝ ਨੌਜਵਾਨਾਂ ਵੱਲੋਂ ਦੇਰ ਰਾਤ ਹੁੱਲੜਬਾਜ਼ੀ ਵੀ ਕੀਤੀ ਜਾਂਦੀ ਹੈ। ਪੁਲਸ ਨੂੰ ਇਥੇ ਗਸ਼ਤ ਵੀ ਵਧਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ 'ਲਵ ਮੈਰਿਜ' ਕਰਨ 'ਤੇ ਭਰਾ ਨੇ ਸਹੁਰਿਆਂ ਘਰ ਜਾ ਕੇ ਭੈਣ ਦਾ ਗਲਾ ਘੁੱਟ ਕੇ ਕੀਤਾ ਕਤਲ

ਇਸ ਸਬੰਧੀ ਜਦੋਂ ਥਾਣਾ ਮੁਖੀ ਗੋਰਾਇਆ ਹਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਭੇਜੀ ਗਈ ਹੈ। ਪੁਲਸ ਵੱਲੋਂ ਤਫ਼ਤੀਸ਼ ਚੱਲ ਰਹੀ ਹੈ। ਜਦੋਂ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਕੋਈ ਵੀ ਮਾਮਲਾ ਦਰਜ ਨਾ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ਼ ਤੌਰ ’ਤੇ ਪੱਲਾ ਝਾੜਦੇ ਹੋਏ ਕਿਹਾ ਕਿ ਹੋਟਲ ਵੱਲੋਂ ਨਾ ਤਾਂ ਕੋਈ ਸ਼ਿਕਾਇਤ ਦਿੱਤੀ ਗਈ ਹੈ ਨਾ ਹੀ ਉਹ ਕੋਈ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਹਨ ਜਦਕਿ ਹੋਟਲ ਸਟਾਫ਼ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖ਼ਤੀ ਸ਼ਿਕਾਇਤ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:  ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News