ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ
Friday, Jul 22, 2022 - 06:38 PM (IST)
ਗੋਰਾਇਆ (ਜ. ਬ.)- ਗੋਰਾਇਆ ਦੇ ਪੱਤੀ ਮਾਂਗਾ ਮੁਹੱਲੇ ਵਿਖੇ 7 ਜੁਲਾਈ ਨੂੰ ਹੋਏ ਝਗੜੇ ਤੋਂ ਬਾਅਦ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚ ਰਜਤ ਫਗਵਾੜਾ ਦੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ ਜਦਕਿ ਫੁੱਟਬਾਲ ਖਿਡਾਰੀ ਕਰਨਦੀਪ ਮੁਹੰਮਦ ਨੂੰ ਜਲੰਧਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਕਰਨਦੀਪ ਮੁਹੰਮਦ ਦੀ ਇਲਾਜ ਦੌਰਾਨ ਹਫ਼ਤੇ ਬਾਅਦ ਮੌਤ ਹੋ ਗਈ ਸੀ। ਕਰੀਬ 6 ਦਿਨਾਂ ਤੋਂ ਬਾਅਦ ਕਰਨ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਹੈ। ਪਹਿਲਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਪੁਰਦ-ਏ-ਖ਼ਾਕ ਨਹੀਂ ਕੀਤਾ ਗਿਆ ਸੀ ਅਤੇ ਗੋਰਾਇਆ ਮੁੱਖ ਚੌਂਕ ਵਿਚ ਧਰਨਾ ਲਾ ਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ, ਕਿਉਂਕਿ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਸੀ।
ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਵਿਛਾਏ ਸੱਥਰ, ਮਾਹਿਲਪੁਰ ਦੇ ਵਿਅਕਤੀ ਦੀ ਲਿਬਨਾਨ ’ਚ ਸ਼ੱਕੀ ਹਾਲਾਤ ’ਚ ਮੌਤ
ਕਰਨ ਦੀ ਵੱਡੀ ਭੈਣ ਨੇ ਦੱਸਿਆ ਕਿ ਕਰੀਬ 6 ਦਿਨਾਂ ਤੋਂ ਬਾਅਦ ਕਰਨ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਹੈ, ਕਿਉਂਕਿ ਗੋਰਾਇਆ ਪੁਲਸ ਵੱਲੋਂ ਵੀਡੀਓ ਕਾਲ ਰਾਹੀਂ ਉਨ੍ਹਾਂ ਨੂੰ ਵਿਖਾਇਆ ਹੈ ਕਿ ਤੀਜੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਨਾਲ ਹੀ ਐੱਸ. ਐੱਸ. ਪੀ. ਜਲੰਧਰ ਦਿਹਾਤੀ ਵੱਲੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਖੇ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਵੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਕਰਨ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਹੈ। ਪਰਿਵਾਰ ਨੇ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਕਤਲ ਮਾਮਲੇ ਵਿਚ ਗੋਰਾਇਆ ਪੁਲਸ ਵੱਲੋਂ ਮੰਗਤ ਸਿੰਘ ਮੰਗਾ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਤੀਜਾ ਮੁੱਖ ਦੋਸ਼ੀ ਵਰਿੰਦਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਪੱਤੀ ਮਾਂਗਾ ਗੋਰਾਇਆ ਪੁਲਸ ਗ੍ਰਿਫ਼ਤ ਤੋਂ ਦੂਰ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਥਾਣਾ ਮੁਖੀ ਗੁਰਾਇਆ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਵਰਿੰਦਰ ਸਿੰਘ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਪਾਸੋਂ ਕਤਲ ਦੌਰਾਨ ਵਰਤੇ ਗਏ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ। ਵਰਿੰਦਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਆਪਣੀ ਪੁੱਛਗਿੱਛ ਵਿਚ ਵਰਿੰਦਰ ਕਤਲ ਕਰਨ ਤੋਂ ਬਾਅਦ ਕਿਸ-ਕਿਸ ਥਾਂ 'ਤੇ ਰਿਹਾ ਕਿਸ-ਕਿਸ ਨੇ ਉਹਨੂੰ ਪਨਾਹ ਦਿੱਤੀ ਉਨ੍ਹਾਂ ਉੱਪਰ ਕੀ ਕੁਝ ਕਾਰਵਾਈ ਕਰਦੀ ਹੈ ?
ਇਹ ਵੀ ਪੜ੍ਹੋ: ਡਿਊਟੀ ’ਚ ਕੋਤਾਹੀ ਵਰਤਣੀ SDO ਫਗਵਾੜਾ ਨੂੰ ਪਈ ਮਹਿੰਗੀ, ਜਾਰੀ ਹੋਇਆ ‘ਕਾਰਨ ਦੱਸੋ’ ਨੋਟਿਸ
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ