ਮਾਤਾ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, CM ਮਾਨ ਨੇ ਦਿੱਤਾ ਵੱਡਾ ਤੋਹਫ਼ਾ

Wednesday, Mar 08, 2023 - 05:26 AM (IST)

ਹੁਸ਼ਿਆਰਪੁਰ (ਘੁੰਮਣ) :  ਪੰਜਾਬ ਦੇ ਮਾਲ ਮੰਤਰੀ ਤੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀਆਂ ਕੋਸ਼ਿਸ਼ਾਂ ਸਦਕਾ ਪਹਿਲੀ ਅਪ੍ਰੈਲ ਤੋਂ ਜਲੰਧਰ-ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਦਾ ਕੰਮ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ। ਸੜਕ ਦੇ ਨਿਰਮਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 13.74 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਸੜਕ ਦੇ ਨਿਰਮਾਣ ਲਈ ਟੈਂਡਰ ਵੀ ਲੱਗ ਚੁੱਕੇ ਹਨ। 

ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਿੰਪਾ ਨੇ ਦੱਸਿਆ ਕਿ ਇਸ ਸੜਕ ਦੀ ਬੇਹੱਦ ਖਸਤਾ ਹਾਲਤ ਤੋਂ ਦੋਆਬਾ ਇਲਾਕਾ ਖਾਸ ਤੌਰ 'ਤੇ ਹੁਸ਼ਿਆਰਪੁਰ ਵਾਸੀ ਬਹੁਤ ਦੁਖੀ ਸਨ। ਸੜਕ ਦੀ ਮਾੜੀ ਹਾਲਤ ਹੋਣ ਕਰਕੇ ਰੋਜ਼ਾਨਾ ਹੁੰਦੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਵੀ ਚਲੇ ਗਈਆਂ ਪਰ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਰਹੇ। ਸੜਕ ਬਣਾਉਣ ਦੀ ਥਾਂ ਲੋਕਾਂ ਨੂੰ ਰੱਬ ਸਹਾਰੇ ਛੱਡ ਦਿੱਤਾ। 

ਇਹ ਵੀ ਪੜ੍ਹੋ : ਹੋਲੀ ਮੌਕੇ ਯਾਤਰੀਆਂ ਲਈ ਵੱਡਾ ਤੋਹਫ਼ਾ, ਰੇਲ ਵਿਭਾਗ ਨੇ ਚਲਾਈਆਂ ਸਪੈਸ਼ਲ ਅਨ-ਰਿਜ਼ਰਵ ਰੇਲਾਂ

ਉਨ੍ਹਾਂ ਦੱਸਿਆ ਕਿ ਇਹ ਸੜਕ ਕਾਫ਼ੀ ਅਹਿਮ ਹੈ ਕਿਉਂ ਕਿ ਇਸ ਸੜਕ ਰਾਹੀਂ ਬਹੁਤ ਸਾਰੇ ਸ਼ਰਧਾਲੂ ਮਾਤਾ ਚਿੰਤਪੂਰਨੀ, ਮਾਤਾ ਜਵਾਲਾ, ਮਾਤਾ ਕਾਂਗੜਾ ਦੇਵੀ, ਮਾਤਾ ਚਮੁੰਡਾ ਦੇਵੀ, ਮਾਤਾ ਬਗਲਾਮੁਖੀ ਅਤੇ ਬਾਬਾ ਬਾਲਕ ਨਾਥ ਤੇ ਹੋਕ ਅਤਿ ਮਹੱਤਵਪੂਰਣ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ।  ਜਿੰਪਾ ਨੇ ਕਿਹਾ ਕਿ ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਅਤੇ ਮੈਕਲੋਡਗੰਜ ਜਾਣ ਲਈ ਵੀ ਲੱਖਾਂ ਲੋਕ ਹੁਸ਼ਿਆਰਪੁਰ ਰਾਹੀਂ ਜਾਂਦੇ ਹਨ। ਇਸ ਲਈ ਇਸ ਸੜਕ ਦੀ ਮਹੱਤਤਾ ਨੂੰ ਵੇਖਦਿਆਂ ਇਸ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਣੀ ਬਣਦੀ ਸੀ। ਉਨ੍ਹਾਂ ਸੜਕ ਨਿਰਮਾਣ ਲਈ ਪੈਸਾ ਮਨਜ਼ੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ ਹੈ। 

ਇਹ ਵੀ ਪੜ੍ਹੋ : ਮਾਮਲਾ ਧਰਨੇ ਵਾਲੀਆਂ ਥਾਵਾਂ ’ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ, ਸਬ-ਕਮੇਟੀ ਨੇ ਜਥੇਦਾਰ ਨੂੰ ਭੇਜੀ ਰਿਪੋਰਟ

ਉਨ੍ਹਾਂ ਅੱਗੇ ਦੱਸਿਆ ਕਿ 39 ਕਿਲੋਮੀਟਰ ਲੰਬੀ ਇਸ ਸੜਕ ਦੇ ਨਿਰਮਾਣ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਪਹਿਲੀ ਅਪ੍ਰੈਲ ਤੋਂ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੜਕ ਦਾ ਕਰੀਬ 14 ਕਿਲੋਮੀਟਰ ਦਾ ਇਲਾਕਾ ਜਲੰਧਰ ਜ਼ਿਲ੍ਹੇ ਵਿੱਚ ਅਤੇ 25 ਕਿਲੋਮੀਟਰ ਦਾ ਇਲਾਕਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਉਂਦਾ ਹੈ। ਜ਼ਿਕਰਯੋਗ ਹੈ ਕਿ ਜਿੰਪਾ ਇਸ ਸੜਕ ਨਿਰਮਾਣ ਲਈ ਪਹਿਲੇ ਦਿਨ ਤੋਂ ਹੀ ਭਰਪੂਰ ਯਤਨ ਕਰ ਰਹੇ ਹਨ ਅਤੇ ਕਈ ਕੇਂਦਰੀ ਮੰਤਰੀਆਂ ਸਮੇਤ ਪੰਜਾਬ ਕੈਬਨਿਟ ਦੇ ਸਾਥੀ ਮੰਤਰੀਆਂ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ।


Mandeep Singh

Content Editor

Related News