ਪਟਿਆਲਾ ਵਾਸੀਆਂ ਲਈ ਖ਼ੁਸ਼ਖ਼ਬਰੀ ; ਲੰਬੇ ਸਮੇਂ ਤੋਂ ਲਟਕ ਰਹੇ ਇਹ ਪ੍ਰਾਜੈਕਟ ਨਵੇਂ ਸਾਲ ''ਚ ਹੋ ਜਾਣਗੇ ਪੂਰੇ
Wednesday, Jan 01, 2025 - 05:01 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਅੱਜ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਸਾਲ 2025 ਵਿਚ ਪਟਿਆਲਵੀਆਂ ਨੂੰ ਲੰਬੇ ਸਮੇਂ ਤੋਂ ਲਟਕੇ ਪ੍ਰਾਜੈਕਟ ਪੂਰੇ ਹੋ ਕੇ ਮਿਲਣਗੇ, ਜਿਸ ਨਾਲ ਕਈ ਖੇਤਰਾਂ ’ਚ ਵੱਡੀ ਰਾਹਤ ਵੀ ਮਿਲੇਗੀ। ਸਾਲ ਦੇ ਆਖਰੀ ਦਿਨ ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਆਦੇਸ਼ ਦਿੱਤੇ ਹਨ ਕਿ ਨਵਾਂ ਸਾਲ ਲੋਕਾਂ ਨੂੰ ਰਾਹਤ ਦੇਣ ਵਾਲਾ ਹੋਣ ਚਾਹੀਦਾ ਹੈ। ਅੱਜ ਤੋਂ ਹੀ ਕੰਮ ਸ਼ੁਰੂ ਕਰ ਦਿੱਤੇ ਜਾਣ। ਉੱਧਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਵਾਂ ਸਾਲ ਇਤਿਹਾਸਕ ਹੋਵੇਗਾ। 'ਆਮ ਆਦਮੀ ਪਾਰਟੀ' ਦੀ ਸਰਕਾਰ ਪੈਂਡਿੰਗ ਸਾਰੇ ਪ੍ਰਾਜੈਕਟਾਂ ਨੂੰ ਪੂਰਾ ਕਰੇਗੀ।
ਕੈਨਾਲ ਬੇਸਡ ਪ੍ਰਾਜੈਕਟ ਹਰ ਹਾਲ ’ਚ ਹੋਵੇਗਾ ਪੂਰਾ
ਲੰਬੇ ਸਮੇਂ ਤੋਂ ਪਟਿਆਲਾ ਸ਼ਹਿਰ ਵਿਚ ਚੱਲ ਰਿਹਾ ਕੈਨਾਲ ਬੇਸਡ ਵਾਟਰ ਸਪਲਾਈ ਪ੍ਰਾਜੈਕਟ ਸਾਲ 2025 ਵਿਚ ਪੂਰਾ ਕਰ ਲਿਆ ਜਾਵੇਗਾ। ਇਹ ਪ੍ਰਾਜੈਕਟ ਲੰਬੇ ਸਮੇਂ ਤੋਂ ਹੋਲੀ-ਹੋਲੀ ਚੱਲ ਰਿਹਾ ਹੈ ਪਰ ਹੁਣ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਇਸ ਦੇ ਤੇਜ਼ ਹੋਣ ਦੀ ਕੁਝ ਆਸ ਬੱਝੀ ਹੈ। ਇਸ ਪ੍ਰਾਜੈਕਟ ’ਤੇ 350 ਕਰੋੜ ਰੁਪਏ ਲੱਗ ਰਹੇ ਹਨ। ਇਹ ਲਗਭਗ ਸਾਫ ਹੋ ਗਿਆ ਹੈ ਕਿ ਸਾਲ 2025 ਵਿਚ ਹਰ ਘਰ ਨੂੰ 'ਆਮ ਆਦਮੀ ਪਾਰਟੀ' ਦੀ ਸਰਕਾਰ ਵੱਲੋਂ ਲਿਆਂਦੇ ਗਏ ਇਸ ਪ੍ਰਾਜੈਕਟ ਵਿਚ ਸ਼ੁੱਧ ਪਾਣੀ ਮਿਲ ਸਕੇਗਾ।
ਡੇਅਰੀਆਂ ਨੂੰ ਸ਼ਿਫਟ ਕਰਨ ਦੀ ਯੋਜਨਾ ’ਤੇ ਵੀ ਹੋਵੇਗਾ ਕੰਮ
ਡੇਅਰੀਆਂ ਦਾ ਮੁੱਦਾ ਬਹੁਤ ਪੁਰਾਣਾ ਹੈ। ਨਵੇਂ ਸਾਲ ’ਤੇ ਇਨ੍ਹਾਂ ਡੇਅਰੀਆਂ ਨੂੰ ਵੀ ਸ਼ਿਫਟ ਕਰਨ ਦੀ ਯੋਜਨਾ ’ਤੇ ਕੰਮ ਹੋ ਰਿਹਾ ਹੈ। ਜੇਕਰ ਨਵੇਂ ਸਾਲ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਨਗਰ ਨਿਗਮ ਇਨ੍ਹਾਂ ਡੇਅਰੀਆਂ ਨੂੰ ਅਬਲੋਵਾਲ ਵਿਖੇ ਸ਼ਿਫਟ ਕਰ ਦਿੰਦਾ ਹੈ ਤਾਂ ਇਹ ਪਟਿਆਲਾ ਸ਼ਹਿਰ ਲਈ ਰਾਹਤ ਵਾਲੀ ਖਬਰ ਹੋਵੇਗੀ। ਇਸ ਪ੍ਰਾਜੈਕਟ ’ਤੇ ਆਉਣ ਵਾਲੇ ਸਮੇਂ ’ਚ ਤੇਜ਼ੀ ਨਾਲ ਕੰਮ ਹੋਵੇਗਾ। ਪਿਛਲੇ ਲਗਭਗ ਕਈ ਸਾਲਾਂ ਤੋਂ ਲਟਕ ਰਹੇ ਇਸ ਪ੍ਰਾਜੈਕਟ ਨੂੰ ਅਧਿਕਾਰੀਆਂ ਨੇ ਤੇਜ਼ੀ ਨਾਲ ਚਲਾਇਆ ਤਾਂ ਇਹ 3-4 ਮਹੀਨੇ ਵਿਚ ਹੀ ਪੂਰਾ ਹੋ ਜਾਵੇਗਾ, ਜਿਸ ਨਾਲ 200 ਦੇ ਕਰੀਬ ਡੇਅਰੀਆਂ ਸ਼ਿਫਟ ਹੋ ਜਾਣਗੀਆਂ ਤੇ ਪਟਿਆਲਾ ਦੇ ਸੀਵਰੇਜ ਜਾਮ ਤੋਂ ਛੁਟਕਾਰਾ ਵੀ ਮਿਲ ਜਾਵੇਗਾ।
ਵੱਡੀ ਤੇ ਛੋਟੀ ਨਦੀ ਦਾ ਪ੍ਰਾਜੈਕਟ ਵੀ ਪੂਰਾ ਕਰਨ ਦੇ ਹੁਕਮ
ਡਾ. ਪ੍ਰੀਤੀ ਯਾਦਵ ਨੇ ਅੱਜ ਵੱਖ-ਵੱਖ ਵਿਭਾਗਾਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਵੱਡੀ ਨਦੀ ਤੇ ਛੋਟੀ ਨਦੀ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਤੁਰੰਤ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਪ੍ਰਾਜੈਕਟਾਂ ਲਈ ਐੱਨ.ਓ.ਸੀ. ਲੈਣ ਦੀ ਪ੍ਰਕ੍ਰਿਰਿਆ ਤੇਜ਼ ਕਰਨ ਦੇ ਹੁਕਮ ਵੀ ਦਿੱਤੇ ਹਨ। ਵੱਡੀ ਨਦੀ ਅਤੇ ਛੋਟੀ ਨਦੀ ਦਾ ਸੁੰਦਰੀਕਰਨ 188 ਕਰੋੜ ਦੀ ਲਾਗਤ ਨਾਲ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਨਦੀਆਂ ਦਾ ਗੰਦਾ ਪਾਣੀ ਲੋਕਾਂ ਵਿਚ ਗੰਭੀਰ ਬੀਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪਟਿਆਲਾ ਸ਼ਹਿਰ ’ਚ ਪਾਣੀ ਦੀ ਮੌਜੂਦਾ ਸਥਿਤੀ ਨੂੰ ਸੁਧਾਰਨਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਅਤੇ ਸੁੰਦਰ ਬਣਾਉਣਾ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਟ੍ਰੈਫਿਕ ਨੂੰ ਰਾਹਤ ਦੇਣ ਲਈ ਓਵਰਬ੍ਰਿਜ ਹੋਰ ਵਧੀਆ ਬਣਾਇਆ ਜਾਵੇਗਾ
ਸ਼ਹਿਰ ਦੀ ਇੰਡਸਟਰੀ ਫੋਕਲ ਪੁਆਇੰਟ ਤੇ ਪਿੰਡ ਦੌਲਤਪੁਰ ਦੇ ਏਰੀਆ ’ਚ ਹੀ ਸਥਿਤ ਹੈ। ਇਸ ਲਈ ਇੰਡਸਟਰੀਆਂ ਦੀ ਮੰਗ ’ਤੇ ਫੋਕਲ ਪੁਆਇੰਟ ਅਤੇ ਪਿੰਡ ਦੋਲਤਪੁਰ ਨੂੰ ਜੋੜਨ ਵਾਲੇ ਇਕਮਾਤਰ ਓਵਰਬ੍ਰਿਜ ਦਾ ਪੁਲ ਨਿਰਮਾਣ ਹੋਵੇਗਾ। ਇਸ ਲਈ ਮਨਜ਼ੂਰੀ ਮਿਲ ਚੁੱਕੀ ਹੈ। ਇਸ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਵੱਡਾ ਅਤੇ ਚੌੜਾ ਬਣਨ ਨਾਲ ਟ੍ਰੈਫਿਕ ਹੋਰ ਵਧੀਆ ਢੰਗ ਨਾਲ ਚੱਲੇਗੀ।
ਸਪੋਰਟਸ ਯੂਨੀਵਰਸਿਟੀ ਨੂੰ ਮਿਲੇਗਾ ਨਵਾਂ ਕੈਂਪਸ
ਸ਼ਹਿਰ ਪਟਿਆਲਾ ’ਚ ਚੱਲ ਰਿਹਾ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਨੂੰ ਸਿੱਧੂਵਾਲ ਦੀ ਕਾਇਆ-ਕਾਲਪ ਨਵੇਂ ਸਾਲ ’ਚ ਹੋ ਜਾਵੇਗੀ। ਇਸ ਯੂਨੀਵਰਸਿਟੀ ਨੂੰ ਇਸ ਸਾਲ 100 ਏਕੜ ਜ਼ਮੀਨ ’ਚ ਫੈਲਿਆ ਨਵਾਂ ਕੈਂਪਸ ਵੀ ਮਿਲੇਗਾ। ਸਪੋਰਟਸ ਯੂਨੀਵਰਸਿਟੀ ਦੇਸ਼ ਦੀ ਅਹਿਮ ਯੂਨੀਵਰਸਿਟੀ ਬਣਨ ਜਾ ਰਹੀ ਹੈ। ਇਸ ਦਾ ਪਟਿਆਲਾ, ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਸਾਲ ਇਸ ਯੂਨੀਵਰਸਿਟੀ ਦਾ ਕੈਂਪਸ ਚੱਲ ਪਵੇਗਾ।
ਪੰਜਾਬੀ ਯੂਨੀਵਰਸਿਟੀ ਨੂੰ ਮਿਲੇਗਾ ਨਵਾਂ ਵਾਈਸ ਚਾਂਸਲਰ
ਪਿਛਲੇ ਲੰਬੇ ਸਮੇਂ ਤੋਂ ਵਿੱਤੀ ਘਾਟੇ ਨਾਲ ਜੂੰਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਵਿਚ ਹੀ ਨਵਾਂ ਵਾਈਸ ਚਾਂਸਲਰ ਮਿਲ ਜਾਵੇਗਾ। ਪਿਛਲੇ ਲੰਬੇ ਸਮੇਂ ਤੋਂ ਬਕਾਇਦਾ ਇੰਟਰਵਿਊਜ਼ ਦਾ ਦੌਰ ਜਾਰੀ ਹੈ। ਨਵੇਂ ਵਾਈਸ ਚਾਂਸਲਰ ਦੇ ਮਿਲਣ ਨਾਲ ਯੂਨੀਵਰਸਿਟੀ ਦੀ ਦਸ਼ਾ ਬਦਲੇਗੀ ਤੇ ਯੂਨੀਵਰਸਿਟੀ ਦੇ ਕੰਮਾਂ ’ਚ ਤੇਜ਼ੀ ਆਵੇਗੀ। ਇਥੇ ਹੀ ਬੱਸ ਨਹੀਂ ਯੂਨੀਵਰਸਿਟੀ ਵਿੱਤੀ ਘਾਟੇ ’ਚੋਂ ਵੀ ਨਿਕਲ ਸਕੇਗੀ। ਪੰਜਾਬੀ ਯੂਨੀਵਰਸਿਟੀ ਲਈ ਸਾਲ 2024 ਕੋਈ ਬਹੁਤਾ ਚੰਗਾ ਨਹੀਂ ਰਿਹਾ। ਪੁਰਾਣੇ ਵੀ.ਸੀ. ਦੀ ਛੁੱਟੀ ਹੋ ਗਈ ਸੀ ਅਤੇ ਨਵਾਂ ਵੀ.ਸੀ. ਅਜੇ ਤੱਕ ਨਹੀਂ ਮਿਲ ਸਕਿਆ।
ਇਹ ਵੀ ਪੜ੍ਹੋ- ਸਾਲ ਦੇ ਆਖ਼ਰੀ ਦਿਨ ਘੁੰਮਦੇ-ਘੁੰਮਦੇ ਗੁੰਮ ਹੋ ਗਏ ਬੱਚੇ, ਪੁਲਸ ਨੇ ਇੰਝ ਕੀਤੇ ਪਰਿਵਾਰ ਹਵਾਲੇ
ਰੇਲਵੇ ਸਟੇਸ਼ਨ ਦੀ ਹੋਵੇਗੀ ਕਾਇਆ-ਕਲਪ
ਰੇਲਵੇ ਮੰਤਰਾਲੇ ਵੱਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪਟਿਆਲਾ ਰੇਲਵੇ ਸਟੇਸ਼ਨ ’ਤੇ 50 ਕਰੋੜ ਦੇ ਕਰੀਬ ਖਰਚ ਕੀਤੇ ਜਾ ਰਹੇ ਹਨ। ਲੋਕਾਂ ਨੂੰ ਰੇਲਵੇ ਸਟੇਸ਼ਨ ’ਤੇ ਮਾਡਰਨ ਟੁਆਲਿਟ ਅਤੇ ਬਾਥਰੂਮ ਸਮੇਤ ਸ਼ਾਨਦਾਰ ਸਹੂਲਤਾਂ ਮਿਲਣਗੀਆਂ। ਆਧੁਨੀਕੀਕਰਨ ਤਹਿਤ ਐਡਵਾਂਸ ਲਾਈਟਿੰਗ, ਪਾਰਕਿੰਗ, ਫੂਡ ਕੋਰਟ, ਲਿਫਟ, ਪਾਰਸਲ ਸੇਵਾ, ਆਰਾਮ ਘਰ, ਰਿਜ਼ਰਵੇਸ਼ਨ ਕਾਊਂਟਰ, ਭਾਰਤੀ ਸੱਭਿਆਚਾਰ ਦੀ ਝਲਕ, ਆਗਮਨ ਤੇ ਪ੍ਰਸਥਾਨ ਦਿਆਂਗਜਨ ਤੇ ਜ਼ਰੂਰੀ ਯਾਤਰੀ ਸਹੂਲਤਾਂ ਮਿਲਣਗੀਆਂ।
ਵਿਧਾਇਕ ਕੋਹਲੀ ਨੇ ਕਿਹਾ ਨਵਾਂ ਸਾਲ ਹੋਵੇਗਾ ਇਤਿਹਾਸਕ
ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਵਾਂ ਸਾਲ ਪਟਿਆਲਵੀਆਂ ਲਈ ਇਤਿਹਾਸਿਕ ਹੋਵੇਗਾ। ਉਨ੍ਹਾਂ ਨਵੇਂ ਸਾਲ ’ਤੇ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਵੀਆਂ ਨੇ ਹਮੇਸ਼ਾ ਹਿੰਦੂ-ਸਿੱਖ ਏਕਤਾ ਦੀ ਮਿਸਾਲ ਪੇਸ਼ ਕੀਤੀ ਅਤੇ ਇਹ ਸਾਂਝ ਬਰਕਰਾਰ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਜੈਕਟਾਂ ’ਤੇ ਕੰਮ ਹੋਵੇਗਾ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਵਾਇਆ ਜਾਵੇਗਾ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿਆਉਣ ਵਾਲਾ ਸਮਾਂ ਬਹੁਤ ਚੰਗਾ ਹੋਵੇਗਾ ਤੇ ਅਸੀਂ ਹਰ ਪ੍ਰਾਜੈਕਟਾਂ ਨੂੰ ਪੂਰਾ ਕਰਾਂਗੇ। ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਟਿਆਲਾ ਲਈ ਵਿਸ਼ੇਸ਼ ਤੌਰ ’ਤੇ ਫੰਡ ਲਿਆਂਦੇ ਜਾਣਗੇ ਤਾਂ ਜੋ ਪੈਂਡਿੰਗ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ। ਕੋਹਲੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਲੋਕਹਿੱਤ ਦੇ ਕੰਮ ਹੀ ਕੀਤੇ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਇਹ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਰਾਹੀਂ ਪਟਿਆਲਵੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਮੀਟਿੰਗਾਂ ਕਰਨ ਤੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਕਰਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e