ਕਿਸਾਨਾਂ ਲਈ ਖ਼ੁਸ਼ਖ਼ਬਰੀ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

Saturday, Sep 30, 2023 - 04:33 PM (IST)

ਚੰਡੀਗੜ੍ਹ : ਕਣਕ ਦੀ ਬਿਜਾਈ ਦਾ ਸੀਜ਼ਨ ਨੇੜੇ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਕਣਕ ਦੇ ਤਕਰੀਬਨ 2 ਲੱਖ ਕੁਇੰਟਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੀਜਾਂ ਦੀ ਕੁੱਲ ਕੀਮਤ 'ਤੇ 50 ਫ਼ੀਸਦੀ ਸਬਸਿਡੀ ਜਾਂ ਪ੍ਰਤੀ ਕੁਇੰਟਲ ਵੱਧ ਤੋਂ ਵੱਧ 1000 ਰੁਪਏ ਸਬਸਿਡੀ ਦੇ ਹਿਸਾਬ ਨਾਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ। ਕਿਸਾਨਾਂ ਨੂੰ ਕਣਕ ਦੇ ਬੀਜ ਦੀ ਖ਼ਰੀਦ ਸਮੇਂ ਕੀਮਤ 'ਚੋਂ ਸਬਸਿਡੀ ਦੀ ਰਕਮ ਘਟਾਉਣ ਤੋਂ ਬਾਅਦ ਬਚੀ ਹੋਈ ਰਕਮ ਹੀ ਅਦਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇੱਕ ਕਿਸਾਨ ਨੂੰ ਸਬਸਿਡੀ ਵਾਲਾ ਬੀਜ ਵੱਧ ਤੋਂ ਵੱਧ 5 ਏਕੜ (2 ਕੁਇੰਟਲ) ਰਕਬੇ ਲਈ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਬਸਿਡੀ ਵਾਲੇ ਬੀਜਾਂ ਦੀ ਵੰਡ ਸਮੇਂ ਅਨੁਸੂਚਿਤ ਜਾਤੀਆਂ, ਛੋਟੇ (2.5 ਏਕੜ ਤੋਂ 5 ਏਕੜ) ਅਤੇ ਸੀਮਾਂਤ ਕਿਸਾਨਾਂ (2.5 ਏਕੜ ਤੱਕ) ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬਸਿਡੀ ਦਾ ਲਾਭ ਲੈਣ ਲਈ ਚਾਹਵਾਨ ਕਿਸਾਨ 31 ਅਕਤੂਬਰ, 2023 ਤੱਕ ਆਨਲਾਈਨ ਪੋਰਟਲ http://agrimachinerypb.com 'ਤੇ ਆਪਣੀਆਂ ਅਰਜ਼ੀਆਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਜਮ੍ਹਾਂ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ :  ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ

ਖੁੱਡੀਆਂ ਨੇ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਬੀਜਾਂ ਦੀ ਵੰਡ ਦੌਰਾਨ ਹੇਰਾਫੇਰੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਾਂ ਲਏ ਬਿਨਾਂ ਘੇਰਿਆ ਸੁਖਪਾਲ ਖਹਿਰਾ, ਕਹੀ ਵੱਡੀ ਗੱਲ

ਇਸ ਮੌਕੇ ਕੇ.ਏ.ਪੀ.ਸਿਨਹਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਸਾਰੀਆਂ ਸਰਕਾਰੀ/ ਅਰਧ ਸਰਕਾਰੀ ਬੀਜ ਉਤਪਾਦਕ ਏਜੰਸੀਆਂ ਅਤੇ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਨੂੰ ਸਬਸਿਡੀ ਵਾਲੇ ਪ੍ਰਮਾਣਿਤ ਬੀਜ ਵੇਚਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਪੋਰਟਲ 'ਤੇ ਵੀ ਰਜਿਸਟਰ ਹੋਣਗੇ। ਸਰਕਾਰੀ/ ਅਰਧ ਸਰਕਾਰੀ ਬੀਜ ਉਤਪਾਦਕ ਏਜੰਸੀਆਂ ਜਾਂ ਉਨ੍ਹਾਂ ਦੇ ਡੀਲਰ ਪੋਰਟਲ 'ਤੇ ਵੇਚੇ ਗਏ ਬੀਜ ਦੇ ਥੈਲੇ ਦੇ ਟੈਗ ਨੰਬਰ ਸਮੇਤ ਬਿੱਲ ਅਪਲੋਡ ਕਰਨਗੇ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵੱਲੋਂ ਦਿੱਤਾ ਅਲਟੀਮੇਟਮ ਸਕੂਲ ਮੁਖੀਆਂ ਲਈ ਬਣਿਆ ਸਿਰਦਰਦੀ

ਕਣਕ ਦੇ ਬੀਜਾਂ ਦੀਆਂ ਪ੍ਰਮਾਣਿਤ ਕਿਸਮਾਂ

ਇਹ ਸਬਸਿਡੀ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਉਪਲਬਧ ਹੋਵੇਗੀ, ਜਿਨ੍ਹਾਂ ਵਿੱਚ ਉੱਨਤ ਪੀ.ਬੀ.ਡਬਲਿਊ 343, ਉੱਨਤ ਪੀ.ਬੀ.ਡਬਲਿਊ  550, ਪੀ.ਬੀ.ਡਬਲਿਊ 1 ਜ਼ਿੰਕ, ਪੀ.ਬੀ.ਡਬਲਿਊ  725, ਪੀ.ਬੀ.ਡਬਲਿਊ  677, ਐਚ.ਡੀ. 3086, ਡਬਲਿਊ.ਐਚ. 1105, ਪੀ.ਬੀ.ਡਬਲਿਊ  1 ਚਪਾਤੀ, ਪੀ.ਬੀ.ਡਬਲਿਊ  766, ਡੀ.ਬੀ.ਡਬਲਿਊ  303, ਡੀ.ਬੀ.ਡਬਲਿਊ 187, ਡੀ.ਬੀ.ਡਬਲਿਊ 222 , ਪੀ.ਬੀ.ਡਬਲਿਊ  803, ਪੀ.ਬੀ.ਡਬਲਿਊ  824, ਪੀ.ਬੀ.ਡਬਲਿਊ  826, ਪੀ.ਬੀ.ਡਬਲਿਊ  869 ਅਤੇ ਪੀ.ਬੀ.ਡਬਲਿਊ  752 ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News