''ਗੋਲਡ'' ਦੀ ਚਾਹਤ ''ਚ ਤਜਿੰਦਰ ਨੇ ਨਹੀਂ ਸਜਾਇਆ ਸਿਹਰਾ : ਪ੍ਰਿਤਪਾਲ ਕੌਰ
Saturday, Aug 25, 2018 - 09:15 PM (IST)
ਮੋਗਾ (ਗੋਪੀ ਰਾਊਕੇ) - ਇੰਡੋਨੇਸ਼ੀਆ ਵਿਖੇ ਚੱਲ ਰਹੀਆਂ ਏਸ਼ੀਆਈ ਗੇਮਾਂ 'ਚ ਅੱਜ ਹੋਏ ਸ਼ਾਟਪੁੱਟ ਦੇ ਮੁਕਾਬਲਿਆਂ ਦਰਮਿਆਨ ਪੰਜਾਬ ਦੇ ਮੋਗਾ ਜ਼ਿਲੇ ਨਾਲ ਸਬੰਧਿਤ ਛੋਟੇ ਜਿਹੇ ਪਿੰਡ ਖੋਸਾ ਪਾਂਡੋ ਦੇ ਤਜਿੰਦਰਪਾਲ ਸਿੰਘ ਤੂਰ ਨੇ ਗੋਲਡ ਮੈਡਲ ਜਿੱਤਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ। 13 ਨਵੰਬਰ 1994 ਨੂੰ ਪਿਤਾ ਕਰਮ ਸਿੰਘ ਦੇ ਘਰ ਮਾਤਾ ਪ੍ਰਿਤਪਾਲ ਕੌਰ ਦੀ ਕੁੱਖੋਂ ਜਨਮੇ ਤਜਿੰਦਰਪਾਲ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਂਕ ਪੈਦਾ ਹੋ ਗਿਆ ਅਤੇ ਫਿਰ 12ਵੀਂ ਜਮਾਤ ਮਗਰੋਂ ਡੀ.ਪੀ.ਐਡ. ਦੀ ਪੜਾਈ ਕਰਦਿਆਂ ਇਸਨੇ ਆਪਣੇ ਸ਼ੌਂਕ ਨੂੰ ਖੇਡਾਂ ਦੌਰਾਨ ਜਿੱਤਾਂ ਵਿਚ ਬਦਲਣਾ ਸ਼ੁਰੂ ਕਰ ਦਿੱਤਾ। ਸ਼ਾਟਪੁੱਟ ਖੇਡਦਾ-ਖੇਡਦਾ ਤਜਿੰਦਰਪਾਲ ਹਰ ਮੁਕਾਬਲੇ 'ਚ ਮੋਹਰੀ ਰਹਿੰਦਾ। ਇਸ ਮਗਰੋਂ ਤਜਿੰਦਰਪਾਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

2015 ਦੌਰਾਨ ਨੇਵੀ ਵਿਚ ਭਰਤੀ ਹੋਕੇ ਵੀ ਤਜਿੰਦਰਪਾਲ ਨੇ ਆਪਣੀਆਂ ਖੇਡਾਂ 'ਚ ਅੱਗੇ ਵਧਣ ਦੀ ਮਿਹਨਤ ਨੂੰ ਜਾਰੀ ਰੱਖਿਆ ਅਤੇ ਅੱਜ ਤਜਿੰਦਰਪਾਲ ਨੇ ਏਸ਼ੀਆਈ ਗੇਮਾਂ 'ਚ ਸੋਨੇ ਦਾ ਤਗਮਾ ਜਿੱਤਕੇ ਭਾਰਤ ਅਤੇ ਖਾਸਕਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਤਜਿੰਦਰਪਾਲ ਦੀ ਮਾਤਾ ਪ੍ਰਿਤਪਾਲ ਕੌਰ ਨੇ 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਤਜਿੰਦਰ ਨੂੰ ਸ਼ੁਰੂ ਤੋਂ ਹੀ ਖੇਡਾਂ ਵਿਚ ਅੱਗੇ ਵੱਧਣ ਦੀ ਦਿਲਚਸਪੀ ਸੀ। ਉਨ੍ਹਾਂ ਦੱਸਿਆ ਕਿ ਇਸੇ ਕਰਕੇ ਹੀ ਤਜਿੰਦਰਪਾਲ ਨੇ ਹਾਲੇ ਤੱਕ ਵਿਆਹ ਵੀ ਨਹੀਂ ਕਰਵਾਇਆ। ਉਨ੍ਹਾਂ ਦੱਸਿਆ ਕਿ ਤਜਿੰਦਰ ਦੀ ਜਿੱਤ ਦੀ ਖੁਸ਼ੀ ਦਾ ਅੰਦਾਜ਼ਾ ਤਾਂ ਨਹੀਂ ਲਗਾਇਆ ਜਾ ਸਕਦਾ ਪਰ ਤਜਿੰਦਰ ਦੇ ਪਿਤਾ ਲਗਾਤਾਰ ਬੀਮਾਰ ਰਹਿਣ ਕਰਕੇ ਪਰਿਵਾਰ ਨੂੰ ਇਹ ਪਰੇਸ਼ਾਨੀ ਵੀ ਆਈ ਹੈ ਕਿ ਜੇਕਰ ਅੱਜ ਤਜਿੰਦਰ ਦੇ ਪਿਤਾ ਤੰਦਰੁਸਤ ਹੁੰਦੇ ਤਾਂ ਖੁਸ਼ੀ ਵਿਚ ਹੋਰ ਵੀ ਵਾਧਾ ਹੋਣਾ ਸੀ।
ਦੂਜੇ ਪਾਸੇ ਪਿੰਡ ਦੇ ਸਰਪੰਚ ਮੇਜਰ ਸਿੰਘ ਖੋਸਾ ਪਾਂਡੋ ਅਤੇ ਪੰਚਾਇਤ ਮੈਂਬਰ ਬੇਅੰਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੇ ਨੌਜਵਾਨ ਦੀ ਇਸ ਪ੍ਰਾਪਤੀ ਨਾਲ ਹਰ ਪਿੰਡ ਵਾਸੀ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਤਜਿੰਦਰ ਦੀ ਪ੍ਰਾਪਤੀ ਕਰਕੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਪਿੰਡ ਵਾਸੀ ਇੱਕ ਦੂਜੇ ਨੂੰ ਵਧਾਈਆਂ ਦੇਕੇ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਖਿਡਾਰੀ ਨੇ 20.75 ਮੀਟਰ ਥ੍ਰੋ 'ਚ ਗੋਲਡ ਮੈਡਲ ਜਿੱਤਿਆ ਹੈ ਜਦਕਿ ਇਸ ਵੱਲੋਂ ਬੀਤੇ ਵਰ੍ਹੇ ਦੌਰਾਨ ਏਸ਼ੀਆ ਅਥਲੈਟਿਕ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਲੈਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ।
