ਗੋਲਡ ਲੋਨ ਦੇਣ ਵਾਲੇ ਬੈਂਕ ਨਾਲ ਠੱਗੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼

12/13/2019 4:15:04 PM

ਲੁਧਿਆਣਾ (ਰਿਸ਼ੀ) : ਗੋਲਡ ਲੋਨ ਦੇਣ ਵਾਲੇ ਬੈਂਕ ਨਾਲ ਠੱਗੀ ਕਰਨ ਵਾਲੇ ਇਕ ਗੈਂਗ ਦਾ ਸੀ. ਆਈ. ਐੱਸ.-2 ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗੈਂਗ ਦੇ 4 ਮੈਂਬਰਾਂ ਨੂੰ ਦਬੋਚ ਕੇ ਡਵੀਜ਼ਨ ਨੰ. 7 'ਚ ਕੇਸ ਦਰਜ ਕੀਤਾ ਹੈ, ਜਦੋਂ ਕਿ ਬਾਕੀ ਫਰਾਰ ਹਨ। ਪੁਲਸ ਨੂੰ ਦੋਸ਼ੀਆਂ ਕੋਲੋਂ ਇਕ ਇਨੋਵਾ ਕਾਰ ਅਤੇ 95 ਨਕਲੀ ਗਹਿਣੇ ਬਰਾਮਦ ਹੋਏ ਹਨ ਅਤੇ ਦੋਸ਼ੀਆਂ ਦੀ ਅਦਾਲਤ 'ਚ ਪੇਸ਼ੀ ਕਰ ਕੇ 1 ਦਿਨ ਦੇ ਪੁਲਸ ਰਿਮਾਂਡ 'ਚ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਅਧਿਕਾਰੀ ਰਣਧੀਰ ਸਿੰਘ ਦੇ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਿਊਲਰ ਸੁਖਵਿੰਦਰ ਸਿੰਘ ਵਾਸੀ ਜਮਾਲਪੁਰ, ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਲਤਾ ਵਾਸੀ ਬਿੰਦਰਾ ਕਾਲੋਨੀ, ਅਜੇ ਵਾਸੀ ਕਾਰਾਬਾਰਾ ਵਜੋਂ ਹੋਈ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੁਖਵਿੰਦਰ ਦੀ ਐੱਚ. ਆਈ. ਜੀ. ਕਾਲੋਨੀ 'ਚ ਜਿਊਲਰੀ ਸ਼ਾਪ ਹੈ, ਲਗਭਗ 6 ਸਾਲ ਪਹਿਲਾਂ ਸੈਕਟਰ-32 ਦੀ ਮਾਰਕੀਟ 'ਚ ਸਥਿਤ ਗੋਲਡ ਗਿਰਵੀ ਰੱਖਣ ਵਾਲੇ ਬੈਂਕ 'ਚ ਖਾਤਾ ਖੁੱਲ੍ਹਵਾ ਕੇ ਸੋਨਾ ਰੱਖਦਾ ਸੀ, ਜਿਸ ਤੋਂ ਬਾਅਦ ਉਥੇ ਜਾਣ-ਪਛਾਣ ਬਣ ਗਈ। ਇਸ ਗੱਲ ਦਾ ਫਾਇਦਾ ਉਠਾ ਕੇ ਉਸ ਨੇ ਠੱਗੀ ਕਰਨ ਦਾ ਮਨ ਬਣਾਇਆ। ਉਸ ਨੇ 7 ਮਹੀਨਿਆਂ 'ਚ 18 ਲੋਕਾਂ ਨੂੰ ਖੁਦ ਨਕਲੀ ਗਹਿਣੇ ਤਿਆਰ ਕਰ ਦਿੱਤੇ ਅਤੇ ਆਪਣੀ ਗਰੰਟੀ 'ਤੇ ਬੈਂਕ 'ਚ ਭੇਜਿਆ, ਜਿਨ੍ਹਾਂ ਵੱਲੋਂ ਲਗਭਗ 50 ਲੱਖ ਰੁਪਏ ਦਾ ਨਕਲੀ ਸੋਨਾ ਗਿਰਵੀ ਰੱਖ ਕੇ ਲੋਨ ਲਿਆ ਗਿਆ। ਬੈਂਕ ਵੱਲੋਂ ਸੋਨੇ ਦਾ ਅਸਲੀ ਹੋਣ ਦਾ ਪਤਾ ਕਰਨ ਤੋਂ ਪਹਿਲਾਂ ਹੀ ਸੁਖਵਿੰਦਰ ਸਿੰਘ ਖੁਦ ਉਥੇ ਪੁੱਜ ਜਾਂਦਾ ਹੈ ਅਤੇ ਸੋਨੇ ਦੇ ਅਸਲੀ ਹੋਣ ਦੀ ਗੱਲ ਕਹਿੰਦਾ ਹੈ। ਮੈਨੇਜਰ ਵੀ ਵਿਸ਼ਵਾਸ ਕਰ ਲੈਂਦਾ ਹੈ। ਪੁਲਸ ਦੇ ਮੁਤਾਬਕ ਫਰਾਰ ਦੋਸ਼ੀਆਂ 'ਚੋਂ ਕੁਝ ਦੀ ਪਛਾਣ ਦੀਪਕ ਕੁਮਾਰ, ਕੁਲਵਿੰਦਰ ਸਿੰਘ, ਵਾਸੀ ਹੈਬੋਵਾ, ਗੁੱਡੂ ਵਾਸੀ ਬਿੰਦਰਾ ਕਾਲੋਨੀ, ਜੈਨ ਵਾਸੀ ਹੈਬੋਵਾਲ ਵਜੋਂ ਹੋਈ ਹੈ। ਸਾਰੇ ਗਹਿਣੇ ਜਿਊਲਰ ਆਪ ਬਣਾ ਕੇ ਗਾਹਕ ਨੂੰ ਬੈਂਕ 'ਚ ਭੇਜਦਾ ਸੀ। ਉਥੇ ਬੈਂਕ ਦੇ ਕਰਮਚਾਰੀਆਂ ਦੀ ਸਾਂਝੇਦਾਰੀ ਹੋਣ ਦੀ ਵੀ ਪੁਲਸ ਜਾਂਚ ਕਰ ਰਹੀ ਹੈ।


Anuradha

Content Editor

Related News