ਲੱਖਾਂ ਲੋਕਾਂ ਦੇ ਰੋਜ਼ਗਾਰ ਨੂੰ ਬਚਾਉਣ ਲਈ ਮਾਣਯੋਗ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ
Sunday, Sep 17, 2017 - 07:16 AM (IST)

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਪਿਛਲੇ ਚਾਰ ਦਹਾਕਿਆਂ ਤੋਂ ਸੂਬੇ ਦੇ ਪੇਂਡੂ ਇਲਾਕਿਆਂ 'ਚ ਬਿਹਤਰ ਟਰਾਂਸਪੋਰਟ ਸੇਵਾਵਾਂ ਦੇ ਰਹੇ ਮਿੰਨੀ ਬੱਸ ਆਪ੍ਰੇਟਰਾਂ ਨੇ ਇਸ ਕਾਰੋਬਾਰ ਨਾਲ ਜੁੜੇ ਲੱਖਾਂ ਲੋਕਾਂ ਦੇ ਰੋਜ਼ਗਾਰ ਨੂੰ ਬਚਾਉਣ ਲਈ ਮਾਣਯੋਗ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਇਹ ਗੱਲ ਮਿੰਨੀ ਬੱਸ ਆਪ੍ਰੇਟਰਜ਼ ਐਸੋਸੀਏਸ਼ਨ, ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਜਸਬਿੰਦਰ ਸਿੰਘ ਗਰੇਵਾਲ ਨੇ ਅੱਜ ਇੱਥੋਂ ਦੇ ਕਾਮਰੇਡ ਨਛੱਤਰ ਸਿੰਘ ਭਵਨ ਵਿਖੇ ਸੂਬੇ ਭਰ ਤੋਂ ਆਏ ਮਿੰਨੀ ਬੱਸ ਆਪ੍ਰੇਟਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ।
ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਅਦਾਲਤ 'ਚ ਉਨ੍ਹਾਂ ਵੱਲੋਂ ਆਪਣੀ ਹੋਂਦ ਬਚਾਉਣ ਲਈ ਲੜੀ ਜਾ ਲੜਾਈ ਵਿਚ ਆਪਣਾ ਪੂਰਾ ਸਾਥ ਦੇਵੇ ਤਾਂ ਪੰਜਾਬ ਦੇ ਲੱਖਾਂ ਲੋਕਾਂ ਨੂੰ ਬੇਰੋਜ਼ਗਾਰ ਹੋਣੋਂ ਬਚਾਇਆ ਜਾ ਸਕਦਾ ਹੈ। ਸ. ਗਰੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਵੀ ਹੋਈਆਂ ਮੁਲਾਕਾਤਾਂ 'ਚ ਐਸੋਸੀਏਸ਼ਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਕਾਰੋਬਾਰ ਨੂੰ ਹਰ ਹਾਲਤ 'ਚ ਬਚਾਉਣਗੇ ਪਰ ਐਸੋਸੀਏਸ਼ਨ ਨੂੰ ਉਸ ਸਮੇਂ ਹੈਰਾਨੀ ਹੋਈ, ਜਦੋਂ ਮਾਣਯੋਗ ਸੁਪਰੀਮ ਕੋਰਟ 'ਚ ਸਰਕਾਰ ਦੇ ਵਕੀਲਾਂ ਨੇ ਮਿੰਨੀ ਬੱਸ ਆਪ੍ਰੇਟਰਾਂ ਨੂੰ ਰਾਹਤ ਦਿਵਾਉਣ ਦੀ ਬਜਾਏ, ਇਸ ਦੇ ਉਲਟ ਗੱਲ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੌਜੂਦਾ ਮਿੰਨੀ ਬੱਸ ਪਰਮਿਟ ਧਾਰੀਆਂ ਨੂੰ ਮਾਣਯੋਗ ਉੱਚ ਅਦਾਲਤ ਤੋਂ ਮੁੜ-ਵਸੇਬਾ ਸਕੀਮ ਤਹਿਤ ਰਾਹਤ ਦਿਵਾਉਣ ਲਈ ਕੇਸ ਦੀ ਪੈਰਵਾਈ ਠੋਸ ਤਰੀਕੇ ਨਾਲ ਕਰੇ। ਇਸ ਦੌਰਾਨ ਸੂਬਾਈ ਆਗੂ ਜਨਰਲ ਸਕੱਤਰ ਤ੍ਰਿਲੋਕ ਸਿੰਘ ਬਟਾਲਾ, ਚੇਅਰਮੈਨ ਬਲਵਿੰਦਰ ਸਿੰਘ ਬਹਿਲਾ, ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਗੁਰਾਇਆ, ਜੱਗਾ ਸਿੰਘ ਮੋਗਾ, ਦਲਜੀਤ ਸਿੰਘ ਲਾਡੀ ਗੁਰਦਾਸਪੁਰ ਅਤੇ ਹਰਬੰਸ ਸਿੰਘ ਮੋਗਾ ਨੇ ਕਿਹਾ ਕਿ ਸੂਬੇ ਭਰ 'ਚ ਮਿੰਨੀ ਬੱਸ ਆਪ੍ਰੇਟਰ ਸੰਨ 1980 ਤੋਂ ਪੰਜਾਬ ਦੇ ਪੇਂਡੂ ਇਲਾਕਿਆਂ 'ਚ ਲਗਾਤਾਰ ਵਧੀਆ ਸਫਰ ਸਹੂਲਤਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿਚ ਆਪਣੇ ਨਿੱਜੀ ਵਾਹਨਾਂ 'ਤੇ ਸਫਰ ਕਰਨ ਦਾ ਰੁਝਾਨ ਵੱਧ ਗਿਆ ਹੈ, ਜਿਸ ਕਾਰਨ ਸਵਾਰੀ ਘੱੱਟ ਗਈ ਹੈ ਤੇ ਫਿਰ ਵੀ ਸਾਡੇ ਆਪ੍ਰੇਟਰ ਬਿਨਾਂ ਸ਼ਿਕਾਇਤ ਆਪੋ-ਆਪਣੇ ਰੂਟਾਂ 'ਤੇ ਵਧੀਆ ਸੇਵਾਵਾਂ ਦੇ ਰਹੇ ਹਨ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ 'ਚ ਚੱਲ ਰਹੀ ਮਿੰਨੀ ਬੱਸ ਟਰਾਂਸਪੋਰਟ ਉਦਯੋਗ, ਜਿਸ ਰਾਹੀਂ ਲੰਮੇ ਸਮੇਂ ਤੋਂ ਲੱਖਾਂ ਲੋਕ ਰੋਜ਼ਗਾਰ 'ਤੇ ਲੱਗੇ ਹਨ, ਨੂੰ ਬਚਾਉਣ ਲਈ ਗੰਭੀਰਤਾ ਨਾਲ ਵਿਚਾਰ ਕਰਨ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰੇ। ਇਸ ਸਮੇਂ ਜਗਜੀਤ ਸਿੰਘ ਤਰਨਤਾਰਨ, ਜਤਿੰਦਰ, ਸ਼ੇਰ ਸਿੰਘ ਅੰਮ੍ਰਿਤਸਰ, ਅਵਤਾਰ ਸਿੰਘ ਜਲੰਧਰ, ਕੁਲਵੰਤ ਸਿੰਘ ਕਪੂਰਥਲਾ, ਕਰਤਾਰ ਸਿੰਘ ਮੋਗਾ, ਸੁਖਦੇਵ ਸਿੰਘ ਪੱਟੀ, ਦਲਜਿੰਦਰ ਸਿੰਘ ਫਰੀਦਕੋਟ, ਹੁਸ਼ਿਆਰਪੁਰ, ਹੀਰੋ ਜਗਰਾਓਂ, ਜਰਨੈਲ ਸਿੰਘ ਲੁਧਿਆਣਾ, ਭੁਪਿੰਦਰ ਸਿੰਘ ਮੋਹਾਲੀ, ਸੁਖਦੇਵ ਸਿੰਘ ਪੱਟੀ, ਰਜਿੰਦਰ ਮਾਨਸਾ, ਗੋਰਾ ਮਾਨਸਾ, ਰੂਪੀ ਸਿੱਧੂ ਬਠਿੰਡਾ ਆਦਿ ਮੌਜੂਦ ਸਨ।