ਸੁਖਬੀਰ ਲਈ ‘ਮਿਸ਼ਰੀ ਦੀ ਡਲੀ’ ਵਾਂਗ ਹੋਣਗੇ ਲੌਂਗੋਵਾਲ

11/13/2018 5:10:58 PM

ਜਲੰਧਰ (ਜਸਬੀਰ ਵਾਟਾਂ ਵਾਲੀ) ਪਿਛਲੇ ਕੁਝ ਦਿਨਾਂ ਤੋਂ ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਮਾਮਲਾ ਵੱਡੀ ਬੁਝਾਰਤ ਬਣਿਆ ਹੋਇਆ ਸੀ। ਇਸ ਬੁਝਾਰਤ ਦਾ ਹੱਲ ਅੱਜ ਉਸ ਸਮੇਂ ਹੋਇਆ ਜਦੋਂ ਸ਼੍ਰੋਮਣੀ ਕਮੇਟੀ ਦੇ 170 ਚੁਣੇ ਹੋਏ ਅਤੇ 15 ਮਨੁਨੀਤ ਮੈਂਬਰਾਂ ਨੇ ਇਕ ਵਾਰ ਫਿਰ ਤੋਂ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ’ਤੇ ਮੋਹਰ ਲਾ ਦਿੱਤੀ।

ਭਾਵੇਂ ਕਿ ਲੌਂਗੋਵਾਲ ਦੇ ਪ੍ਰਭਾਵ ਕਾਰਨ ਉਨ੍ਹਾਂ ਦਾ ਨਾਂ ਪਹਿਲਾਂ ਹੀ ਚਰਚਾ ਵਿਚ ਸੀ ਅਤੇ ਚਰਚਾ ਇਹ ਵੀ ਸੀ ਕਿ ਗੋਬਿੰਦ ਸਿੰਘ ਸੁਖਬੀਰ ਬਾਦਲ ਦੇ ਖਾਸਮ-ਖਾਸ ਹਨ, ਇਸ ਲਈ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਜਾਣਾ ਲਾਜ਼ਮੀ ਸੀ। ਇਸ ਅਹੁਦੇ ਦੀ ਚੋਣ ਬਾਰੇ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਧਾਨ ਦੀ ਚੋਣ ਹਮੇਸ਼ਾਂ ਹੀ ‘ਅਕਾਲੀ ਦਲ ਦੇ ਗੁਪਤ ਲਿਫਾਫੇ’ ਰਾਹੀਂ ਹੀ ਹੁੰਦੀ ਹੈ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਬੀਤੇ ਕਾਰਜਕਾਲ ’ਤੇ ਝਾਤੀ ਮਾਰੀਏ ਤਾਂ ਅਜੇ ਤਕ ਉਨ੍ਹਾਂ ਨਾਲ ਜੁੜਿਆ ਕੋਈ ਵੀ ਵਿਵਾਦਤ ਮਾਮਲਾ ਸਾਹਮਣੇ ਨਹੀਂ ਆਇਆ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਡਿਊਟੀ ਈਮਾਨਦਾਰੀ ਅਤੇ ਪਾਰਟੀ ਦੀ ਮਰਜ਼ੀ ਮੁਤਾਬਕ ਬੜੇ ਸੁਚੱਜੇ ਢੰਗ ਨਾਲ ਨਿਭਾਈ ਹੈ। ਇਸ ਤੋਂ ਇਲਾਵਾ ਲੌਂਗੋਵਾਲ ਨੇ ਪੰਜਾਬ ਲਗਪਗ ਗੁਰਦੁਆਰਿਆਂ ਰਾਹੀਂ ਧਰਮ ਪ੍ਰਚਾਰ ਦਾ ਵੀ ਸੁਨੇਹਾ ਵੀ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਜਾਤ ਅਧਾਰਿਤ ਅਲੱਗ-ਅਲੱਗ ਸ਼ਮਸ਼ਾਨ ਘਾਟਾਂ ਨੂੰ ਇਕ ਕਰਨ ਦਾ ਮਹੱਤਵਪੂਰਨ ਹੁਕਮ ਵੀ ਜਾਰੀ ਕੀਤਾ, ਜਿਸਦੀ ਚੁਫੇਰਿਓਂ ਸ਼ਲਾਘਾ ਕੀਤੀ ਗਈ। ਉਨ੍ਹਾਂ ਵੱਲੋਂ ਬਜੁਰਗਾਂ ਨੂੰ ਤਖ਼ਤ ਸਹਿਬਾਨਾਂ ਦੀ ਯਾਤਰਾ ਕਰਵਾਉਣ ਵਰਗੇ ਖਾਸ ਕਾਰਜਾਂ ਨੂੰ ਅਮਲ ਵਿਚ ਲਿਆਉਣ ਨੂੰ ਸਰਾਹਿਆ ਗਿਆ।  ਇਸ ਸਭ ਦੇ ਚਲਦਿਆਂ ਹੀ ਲੌਂਗੋਵਾਲ ਦੇ ਨਾਂ ਉੱਤੇ ਦੁਬਾਰਾ ਮੋਹਰ ਲਗਾਏ ਜਾਣਾ ਸੰਭਵ ਹੋਇਆ।

PunjabKesari

ਜੇਕਰ ਗੋਬਿੰਦ ਸਿੰਘ ਲੌਂਗੋਵਾਲ ਦੀ ਨਿਯੁਕਤੀ ਨੂੰ ਸਿਆਸੀ ਨਜਰੀਏ ਤੋਂ ਦੇਖਿਆ ਜਾਵੇ ਤਾਂ ਇਸ ਨਿਯੁਕਤੀ ਦਾ ਸਿੱਧਾ ਫਾਇਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੋਵੇਗਾ। ਇਸ ਦਾ ਮੁੱਖ ਕਾਰਨ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਵਾਦਾਂ ਤੋਂ ਪਰ੍ਹੇ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਪਾਕ-ਸਾਫ ਅਕਸ ਵੀ ਹੈ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਦੇ ਵੀ ਕੋਈ ਵਿਵਾਦਤ ਬਿਆਨਬਾਜੀ ਨਹੀਂ ਕੀਤੀ। ਇਸ ਤੋਂ ਇਲਾਵਾ ਲੌਂਗੋਵਾਲ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸੁਖਬੀਰ ਦੇ ਲਈ ‘ਯੈੱਸਮੈਨ’ ਵਾਂਗ ਹਨ। ਅਜਿਹੇ ਹਾਲਾਤ ਸੁਖਬੀਰ ਬਾਦਲ ਕੋਈ ਨਵਾਂ ਤਜ਼ਰਬਾ ਨਾ ਕਰਕੇ ਸਥਿਤੀ ਨੂੰ ਸੁਖਾਵੀਂ ਅਤੇ ਅਨਕੂਲ ਬਣਾ ਕੇ ਰੱਖਣਾ ਚਾਹੁੰਦੇ ਸਨ।

ਇਸ ਤੋਂ ਇਲਾਵਾ ਜੇਕਰ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੀ ਹੋਈ ਦੁਰਗਤੀ ਨੂੰ ਦੇਖੀਏ ਤਾਂ ਇਸ ਬੁਰੇ ਦੌਰ ’ਚ ਗੋਬਿੰਦ ਸਿੰਘ ਲੌਗੋਂਵਾਲ ਉਨ੍ਹਾਂ ਲਈ ਵੱਡਾ ਸਹਾਰਾ ਬਣ ਕੇ ਸਾਹਮਣੇ ਆ ਸਕਦੇ ਹਨ। ਜਿਕਰਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਬਾਦਲ ਪਰਿਵਾਰ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਕਈ ਸਿੱਖ ਜਥੇਬੰਦੀਆਂ ਉਨ੍ਹਾਂ ਨੂੰ ਧਾਰਮਿਕ ਅਤੇ ਕਨੂੰਨੀ ਸਜਾ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਅਜਿਹੇ ਹਾਲਾਤ ਵਿਚ ਸੁਖਬੀਰ ਬਾਦਲ ਦੇ ਭਰੋਸੇਯੋਗ ਪ੍ਰਧਾਨ ਹੀ ਉਨ੍ਹਾਂ ਦੀ ਡੁੱਬਦੀ ਬੇੜੀ ਨੂੰ ਪਾਰ ਲਾ ਸਕਦੇ ਸਨ। ਇਸ ਸਭ ਦੇ ਮੱਦੇ ਨਜ਼ਰ ਗੋਬਿੰਦ ਜੇਕਰ ਇਹ ਕਿਹਾ ਜਾਵੇ ਕਿ ਗੋਬਿੰਦ ਸਿੰਘ ਲੌਂਗੋਵਾਲ ਸੁਖਬੀਰ ਬਾਦਲ ਲਈ ਮਿਸ਼ਰੀ ਦੀ ਡਲੀ ਸਾਬਤ ਹੋਣਗੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ


Related News