ਵਿਦੇਸ਼ਾਂ ਤੋਂ ਆਉਣ ਵਾਲੀਆਂ ਏਅਰਲਾਈਨ ਦੀਆਂ ਟਿਕਟਾਂ ਦੇ ਰੇਟ ਵਾਜਬ ਕੀਤੇ ਜਾਣ : ਲੌਂਗੋਵਾਲ
Friday, May 29, 2020 - 05:44 PM (IST)
ਫਤਿਹਗੜ੍ਹ ਸਾਹਿਬ (ਜਗਦੇਵ) - ਕੋਰੋਨਾ ਲਾਗ (ਮਹਾਂਮਾਰੀ) ਦੌਰਾਨ ਟੁੱਟ ਚੁੱਕੀ ਆਰਥਿਕ ਵਿਵਸਥਾ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਆਰੰਭੇ ਗਏ ਯਤਨਾਂ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਣਾਈ ਗਈ ਪੰਜ ਮੈਂਬਰੀ ਸਬ ਕਮੇਟੀ ਦੀ ਮੀਟਿੰਗ ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਵਿਖੇ ਹੋਈ । ਇਸ ਮੀਟਿੰਗ ਵਿਚ ਜਾਣਕਾਰੀ ਦਿੰਦਿਆ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਕਾਫੀ ਸਮੇਂ ਤੋਂ ਕਰਫਿਊ ਲੱਗੇ ਹੋਣ ਕਾਰਨ ਕਾਫੀ ਵਿੱਤੀ ਸੰਕਟ ਵਿਚੋਂ ਗੁਜ਼ਰਨਾ ਪਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਆਦਿ ਦੇ ਸਟਾਫ਼ ਮੈਂਬਰਾਂ ਦੀਆਂ ਤਨਖ਼ਾਹਾਂ ਪੈਂਡਿੰਗ ਪਈਆਂ ਹਨ। ਸਟਾਫ ਮੈਂਬਰਾਂ ਨੂੰ ਤਨਖਾਹ ਦੇਣ ਦੇ ਇਸ ਮਾਮਲੇ ਨੂੰ ਵਿਚਾਰਨ ਲਈ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ 5 ਜੂਨ ਨੂੰ ਅੰਮ੍ਰਿਤਸਰ ਵਿਖੇ ਹੀ ਕੀਤੀ ਜਾਵੇਗੀ, ਜਿਸ ਦੌਰਾਨ ਪੂਰਾ ਰਿਵਿਊ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਤੀ ਹਾਲਾਤਾਂ ਨੂੰ ਦੇਖਦੇ ਹੋਏ ਖ਼ਰਚੇ ਵੀ ਘਟਾਏ ਜਾਣਗੇ ਅਤੇ ਇਮਾਰਤਾਂ ਦੇ ਕੰਮ ਫ਼ਿਲਹਾਲ ਮੁਕੰਮਲ ਬੰਦ ਕੀਤੇ ਜਾਣਗੇ ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਲਾਗ (ਮਹਾਂਮਾਰੀ) ਦਾ ਸੰਕਟ ਪੂਰੇ ਸੰਸਾਰ ਵਿਚ ਚੱਲ ਰਿਹਾ ਹੈ, ਜਿਸ ਕਾਰਨ ਪੰਜਾਬੀ ਖ਼ਾਸਕਰ ਸਿੱਖ ਵੀ ਵਿਦੇਸ਼ਾਂ ਵਿੱਚ ਜੋ ਆਪਣੇ ਕੰਮਾਂ ਕਾਰਾਂ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ, ਉਹ ਉੱਥੇ ਫਸ ਗਏ ਹਨ। ਉਕਤ ਸਾਰੇ ਪੰਜਾਬੀ ਵਾਪਸ ਆਉਣ ਲਈ ਭਾਰਤ ਸਰਕਾਰ ਨੂੰ ਅਪੀਲ ਕਰ ਕਰ ਰਹੇ ਹਨ । ਭਾਈ ਲੌਂਗੋਵਾਲ ਨੇ ਕੇਂਦਰ ਸਰਕਾਰ, ਖ਼ਾਸ ਕਰ ਕੇਂਦਰੀ ਹਵਾਬਾਜ਼ੀ ਮੰਤਰੀ ਹਰਜੀਤ ਪੁਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਫਲਾਈਟ ਦੀਆਂ ਟਿਕਟਾਂ ਦੇ ਰੇਟ ਤਿੰਨ ਗੁਣਾ ਤੱਕ ਵਧਾਏ ਗਏ ਹਨ, ਨੂੰ ਵਾਜਬ ਰੇਟ ਕੀਤੇ ਜਾਣ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੋਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਰਕਾਰ ਵੱਲੋਂ ਹੋਟਲ ਵਿੱਚ ਠਹਿਰਾਉਣ ਦੀ ਬਜਾਏ ਗੁਰੂ ਘਰਾਂ ਦੀਆਂ ਸਰਾਵਾਂ ਵਿੱਚ ਠਹਿਰਾਇਆ ਜਾਵੇ। ਗੁਰੂ ਘਰਾਂ ਦੀਆਂ ਸਰਾਵਾਂ ਵਿਚ ਹੋਣ ਕਾਰਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ ।