ਵਿਜੀਲੈਂਸ ਦੀ ਰਾਡਾਰ ’ਤੇ GNDU ਦੇ ਵਾਈਸ ਚਾਂਸਲਰ, ਸਰਕਾਰ ਦੇ ਹੁਕਮਾਂ ’ਤੇ ਜਾਂਚ ਹੋਈ ਸ਼ੁਰੂ
Monday, Aug 22, 2022 - 06:34 PM (IST)
ਅੰਮ੍ਰਿਤਸਰ (ਮਮਤਾ)— ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਅਧਿਆਪਕਾਂ ਸਣੇ ਵੱਖ-ਵੱਖ ਅਹੁਦਿਆਂ ’ਤੇ ਨਿਯਮਾਂ ਨੂੰ ਪਿੱਛੇ ਰੱਖ ਕੇ ਕੀਤੀਆਂ ਗਈਆਂ ਨਿਯੁਕਤੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਜੀ. ਐੱਨ. ਡੀ. ਯੂ. ਟੀਚਿੰਗ ਐਸੋਸੀਏਸ਼ਨ ਦੀ ਮੰਗ ’ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਵਿਜੀਲੈਂਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸ਼ੁਰੂ ਕੀਤੀ ਗਈ ਹੈ। ਜੀ. ਐੱਨ. ਡੀ. ਯੂ. ਦੇ ਸੂਤਰਾਂ ਮੁਤਾਬਕ ਮੁੱਖ ਰੂਪ ਨਾਲ ਵਿਜੀਲੈਂਸ ਦੀ ਰਾਡਾਰ ’ਤੇ ਜੀ. ਐੱਨ. ਡੀ. ਯੂ. ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਹਨ। ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਆਈ. ਜੀ. ਮਨਮੋਹਨ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸ਼ਖ਼ਸ ਦੀ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ, ਐਂਬੂਲੈਂਸ ’ਤੇ ਤਸਵੀਰਾਂ ਲਗਾ ਮਰੀਜ਼ਾਂ ਨੂੰ ਦਿੱਤੀ ਇਹ ਸਹੂਲਤ
ਇਸ ਸਬੰਧ ’ਚ ਵਿਜੀਲੈਂਸ ਦੀ ਟੀਮ ਅੱਜ ਸਵੇਰੇ ਹੀ ਯੂਨੀਵਰਸਿਟੀ ਕੈਂਪਸ ’ਚ ਪਹੁੰਚੀ ਅਤੇ ਆਪਣੀ ਜਾਂਚ ਸ਼ੁਰੂ ਕੀਤੀ। ਇਸ ਨਾਲ ਪੂਰੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ’ਚ ਹਲਚਲ ਵੇਖਣ ਨੂੰ ਮਿਲੀ ਪਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਇਸ ਸਬੰਧ ’ਚ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਸੀ।
ਮਿਲੀ ਜਾਣਕਾਕੀ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਚਿੰਗ ਐੈਸੋਸੀਏਸ਼ਨ ਨੇ ਕੁਝ ਸਮੇਂ ਪਹਿਲਾਂ ਭਰੀਆਂ ਗਈਆਂ ਪੋਸਟਾਂ ’ਤੇ ਸਵਾਲ ਚੁੱਕੇ ਸਨ। ਸੀਨੀਅਰ ਅਧਿਆਪਕਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸੀਨੀਅਰ ਪੋਸਟਾਂ ’ਤੇ ਵਾਈਸ ਚਾਂਸਲਰ ਵੱਲੋਂ ਆਪਣੇ ਪਸੰਦੀਦਾ ਅਜਿਹੇ ਅਧਿਕਾਰੀ ਬਿਠਾਏ ਗਏ, ਜੋ ਪੀ. ਐੱਚ. ਡੀ. ਵੀ ਨਹੀਂ ਸਨ।
ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ
ਵਾਈਸ ਚਾਂਸਲਰ ਦੀ ਯੋਗਤਾ ’ਤੇ ਵੀ ਉੱਠੇ ਸਵਾਲ
ਟੀਚਿੰਗ ਐਸੋਸੀਏਸ਼ਨ ਨੇ ਇਸ ਤੋਂ ਪਹਿਲਾਂ ਡਾਕਟਰ ਜਸਪਾਲ ਸੰਧੂ ਦੀ ਯੋਗਤਾ ’ਤੇ ਵੀ ਸਵਾਲ ਚੁੱਕੇ ਸਨ। ਟੀਚਿੰਗ ਐਸੋਸੀਏਸ਼ਨ ਦਾ ਦੋਸ਼ ਹੈ ਕਿ ਡਾ. ਸੰਧੂ ਨੂੰ ਵਾਈਸ ਚਾਂਸਲਰ ਦੇ ਅਹੁਦੇ ’ਚੇ ਬਿਠਾਉਣ ਤੋਂ ਪਹਿਲਾਂ ਕਈ ਸੀਨੀਅਰ ਅਧਿਆਪਕਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਜਿਸ ਦੀ ਜਾਂਚ ਜ਼ਰੂਰੀ ਹੈ। ਜਸਪਾਲ ਸਿੰਘ ਨੇ ਸਾਲ 2017 ’ਚ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਤੋਂ ਪਹਿਲਾਂ ਵਾਈਸ ਚਾਂਸਲਰ ਰਹਿ ਚੁੱਕੇ ਡਾਕਟਰ ਅਜਾਇਬ ਸਿੰਘ ਬਰਾੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਬਾਅਦ ਉਸ ਸਮੇਂ ਦੇ ਰਾਜਪਾਲ ਰਹੇ ਵੀ. ਪੀ. ਸਿੰਘ ਬਦਨੌਰ ਨੇ ਪੰਜਾਬ ਸਰਕਾਰ ਦੀ ਸਿਫ਼ਾਰਿਸ਼ ’ਤੇ ਉਨ੍ਹਾਂ ਨੂੰ ਇਸ ਅਹੁਦੇ ’ਤੇ ਬਿਠਾਇਆ ਸੀ। 2020 ’ਚ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਦੋਬਾਰਾ 3 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ ਸੀ। ਇਸ ਦੇ ਇਲਾਵਾ ਟੀਚਿੰਗ ਐਸੋਸੀਏਸ਼ਨ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਡੀਨ ਅਕਾਦਮਿਕ ਦੀਆਂ ਨਿਯੁਕਤੀਆਂ ’ਤੇ ਵੀ ਸਵਾਲ ਚੁੱਕਦੇ ਹੋਏ ਇਨ੍ਹਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਧਾਂਧਲੀਆਂ ਦੇ ਵੀ ਗੰਭੀਰ ਦੋਸ਼ ਲਗਾਏ। ਫਿਲਹਾਲ ਅੱਜ ਤੋਂ ਸ਼ੁਰੂ ਹੋਈ ਜਾਂਚ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਕਾਰੀਆਂ ਲਗਾਈਆਂ ਜਾ ਰਹੀਆਂ ਹਨ। ਵਿਜੀਲੈਂਸ ਦੀ ਜਾਂਚ ਕਿੰਨਾ ਸੱਚ ਸਾਹਮਣੇ ਲਿਆਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦਾ ਬੇਦਰਦ ਸਟਾਫ਼! 4 ਘੰਟੇ ਦਰਦ ਨਾਲ ਕਰਲਾਉਂਦੀ ਰਹੀ ਔਰਤ, ਗੇਟ 'ਤੇ ਦਿੱਤਾ ਬੱਚੇ ਨੂੰ ਜਨਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ