ਜੀ. ਐੱਨ. ਡੀ. ਯੂ. ਵਿਦਿਆਰਥੀਆਂ ''ਤੇ ਨਹੀਂ ਪਾਵੇਗੀ ਫੀਸ ਵਾਧੇ ਦਾ ਬੋਝ

04/05/2018 6:52:45 AM

ਅੰਮ੍ਰਿਤਸਰ (ਸੰਜੀਵ) - ਆਟੋਨੋਮਸ ਦਾ ਦਰਜਾ ਹਾਸਲ ਕਰਨ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹੁਣ ਆਪਣੇ ਖਰਚੇ ਪੂਰੇ ਕਰਨ ਲਈ ਵਿਦਿਆਰਥੀਆਂ ਦੀਆਂ ਫੀਸਾਂ 'ਚ ਵਾਧਾ ਕਰਨ ਦੀ ਬਜਾਏ 24 ਨਵੇਂ ਕੋਰਸ ਸ਼ੁਰੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਹੈ, ਜਿਸ ਵਿਚ ਮੁੱਖ ਤੌਰ 'ਤੇ ਪੱਤਰਕਾਰਤਾ ਅਤੇ ਜਨ ਸੰਚਾਰ ਤੋਂ ਇਲਾਵਾ ਖੇਤੀਬਾੜੀ ਸਬੰਧੀ ਕੋਰਸ ਤੇ ਵਿਭਾਗ ਸਥਾਪਤ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਆਲ ਇੰਡੀਆ ਯੂਨੀਵਰਸਿਟੀ ਰੈਂਕਿੰਗ 'ਚ 89 ਤੋਂ 59 ਸਥਾਨ 'ਤੇ ਪੁੱਜੀ ਜੀ. ਐੱਨ. ਡੀ. ਯੂ. ਬਾਰੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪ੍ਰੋ. ਸੰਧੂ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਨਵੇਂ ਕੋਰਸਾਂ ਨੂੰ ਕੌਮਾਂਤਰੀ ਪੱਧਰ ਦੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਲੈ ਕੇ ਆਵੇਗੀ, ਜਿਨ੍ਹਾਂ ਵਿਚ ਮਨੋਵਿਗਿਆਨਿਕ ਤੋਂ ਇਲਾਵਾ ਕਈ ਕੋਰਸ ਸ਼ਾਮਲ ਹੋਣਗੇ। ਵਿਦਿਆਰਥੀਆਂ ਦੀਆਂ ਫੀਸਾਂ ਵਿਚ ਹੋਣ ਵਾਲੇ ਵਾਧੇ ਸਬੰਧੀ ਉਨ੍ਹਾਂ ਕਿਹਾ ਕਿ ਕੀ ਯੂਨੀਵਰਸਿਟੀ ਆਟੋਨੋਮਸ ਦਾ ਦਰਜਾ ਮਿਲਣ ਮਗਰੋਂ ਅਧਿਆਪਕਾਂ ਅਤੇ ਸਟਾਫ ਦੀ ਤਨਖਾਹ ਲਈ ਆਪਣੇ ਤੌਰ 'ਤੇ ਫੰਡ ਇਕੱਠੇ ਕਰੇਗੀ, ਜਿਸ ਤਹਿਤ ਵਿਦਿਆਰਥੀਆਂ ਦੀਆਂ ਫੀਸਾਂ 'ਤੇ ਕੋਈ ਬੋਝ ਨਹੀਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਯੂਨੀਵਰਸਿਟੀ ਫੀਸਾਂ ਵਿਚ ਮਾਮੂਲੀ ਵਾਧਾ ਕਰਦੀ ਆਈ ਹੈ, ਜੋ ਹੁਣ ਵੀ ਜਾਰੀ ਰਹੇਗਾ ਪਰ ਇਸ ਤੋਂ ਇਲਾਵਾ ਯੂਨੀਵਰਸਿਟੀ ਆਪਣੇ ਖਰਚਿਆਂ ਲਈ 24 ਨਵੇਂ ਕੋਰਸ ਸ਼ੁਰੂ ਕਰਨ ਜਾ ਰਹੀ ਹੈ, ਜਿਨ੍ਹਾਂ ਤੋਂ ਫੰਡ ਇਕੱਠੇ ਕੀਤੇ ਜਾਣਗੇ।
ਜੀ. ਐੱਨ. ਡੀ. ਯੂ. ਨੇ ਨਤੀਜੇ ਐਲਾਨੇ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 'ਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਮੁਹੱਈਆ ਹੋਣਗੇ। ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਉਹ ਇਸ ਤਰ੍ਹਾਂ ਹਨ- ਬੀ. ਐੱਸ. ਸੀ. (ਫੈਸ਼ਨ ਡਿਜ਼ਾਈਨਿੰਗ) ਸਮੈਸਟਰ-5, ਬੀ. ਕਾਮ. ਪ੍ਰੋਫੈਸ਼ਨਲ ਸਮੈਸਟਰ-5, ਐੱਮ. ਏ. ਇੰਗਲਿਸ਼ ਸਮੈਸਟਰ-1, ਡਿਪਲੋਮਾ ਇਨ ਸਟਿਚਿੰਗ ਐਂਡ ਟੇਲਰਿੰਗ (ਫੁੱਲ ਟਾਈਮ) ਸਮੈਸਟਰ-1, ਬੈਚੁਲਰ ਆਫ ਡਿਜ਼ਾਈਨ ਸਮੈਸਟਰ -1।


Related News