ਪੁਲਸ ਨੂੰ ਚਕਮਾ : ਗੈਰ-ਕਾਨੂੰਨੀ ਪੀ. ਜੀ. ਦਾ ਕੰਮ ਹੁਣ ''ਟੂ ਲੈੱਟ ਫਾਰ ਓਨਲੀ ਸਟੂਡੈਂਟਸ'' ਦੀ ਆੜ ''ਚ
Sunday, Jul 02, 2017 - 04:00 PM (IST)

ਮੋਹਾਲੀ (ਕੁਲਦੀਪ)-ਸ਼ਹਿਰ 'ਚ ਗ਼ੈਰ-ਕਾਨੂੰਨੀ ਪੀ. ਜੀ. ਹਾਊਸਿੰਗ (ਪੇਇੰਗ ਗੈਸਟ) ਦਾ ਮੁੱਦਾ ਕਾਫੀ ਗੰਭੀਰ ਬਣਿਆ ਹੋਇਆ ਹੈ ਪਰ ਗਮਾਡਾ ਇਸ ਪਾਸੇ ਵੱਲ ਕੋਈ ਸਖ਼ਤ ਕਦਮ ਨਹੀਂ ਚੁੱਕ ਰਿਹਾ ਹੈ । ਕੁਝ ਸਮਾਂ ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਪੀ. ਜੀ. ਖੋਲ੍ਹਣ ਵਾਲੇ ਲੋਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਸ਼ਰੇਆਮ ਪੀ. ਜੀ. ਦੇ ਬੋਰਡ ਲਾਏ ਜਾਂਦੇ ਸਨ ਪਰ ਪੁਲਸ ਵਲੋਂ ਪੀ. ਜੀ. ਚੈਕਿੰਗ ਲਈ ਕੀਤੀ ਜਾ ਰਹੀ ਸਖਤੀ ਕਾਰਨ ਲੋਕਾਂ ਨੇ ਪੀ. ਜੀ. ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ, ਤਾਂ ਕਿ ਗਮਾਡਾ ਤੇ ਪੁਲਸ ਨੂੰ ਚਕਮਾ ਦਿੱਤਾ ਜਾ ਸਕੇ ।
ਸ਼ਹਿਰ ਦੇ ਲਗਭਗ ਸਾਰੇ ਫੇਜ਼ਾਂ ਤੇ ਸੈਕਟਰਾਂ 'ਚ ਗੈਰ-ਕਾਨੂੰਨੀ ਢੰਗ ਨਾਲ ਪੀ. ਜੀ. ਚਲਾ ਰਹੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ 'ਟੂ ਲੈੱਟ ਫਾਰ ਓਨਲੀ ਸਟੂਡੈਂਟਸ' ਦੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜਿਥੇ ਸਿਰਫ਼ ਲੜਕੀਆਂ ਨੂੰ ਰੱਖਿਆ ਜਾਣਾ ਹੈ, ਉਥੇ 'ਗਰਲਜ਼' ਤੇ ਲੜਕਿਆਂ ਵਾਲੇ ਪੀ. ਜੀ. ਦੇ ਬਾਹਰ 'ਟੂਲੈੱਟ ਫਾਰ ਬੁਆਇਜ਼' ਦੇ ਬੋਰਡ ਲੱਗੇ ਹਨ ।
ਗਮਾਡਾ ਦੇ ਨਿਯਮਾਂ ਮੁਤਾਬਿਕ ਘੱਟੋ-ਘੱਟ ਸਾਢੇ ਸੱਤ ਮਰਲੇ ਕੋਠੀ ਦਾ ਮਾਲਕ ਗਮਾਡਾ ਦੀ ਮਨਜ਼ੂਰੀ ਨਾਲ ਹੀ ਪੀ. ਜੀ. ਖੋਲ੍ਹ ਸਕਦਾ ਹੈ ਪਰ ਮੋਹਾਲੀ 'ਚ ਤਾਂ ਐੱਚ. ਐੱਮ., ਐੱਚ. ਐੱਲ. ਆਦਿ ਛੋਟੇ-ਛੋਟੇ ਮਕਾਨਾਂ 'ਚ ਵੀ ਪੀ. ਜੀ. ਚੱਲ ਰਹੇ ਹਨ । ਚਾਰ-ਪੰਜ ਵਿਅਕਤੀਆਂ ਲਈ ਬਣੀ ਰਿਹਾਇਸ਼ 'ਚ 15-15 ਲੜਕੇ-ਲੜਕੀਆਂ ਨੂੰ ਰੱਖਿਆ ਜਾ ਰਿਹਾ ਹੈ ।
ਗਮਾਡਾ ਦੀ ਨੱਕ ਹੇਠ ਚੱਲ ਰਹੇ ਗੈਰ-ਕਾਨੂੰਨੀ ਪੀ. ਜੀ.
ਪੀ. ਜੀ. ਦੀ ਸਮੱਸਿਆ ਭਾਵੇਂ ਪੂਰੇ ਜ਼ਿਲੇ 'ਚ ਚੱਲ ਰਹੀ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੋਹਾਲੀ 'ਚ ਗਮਾਡਾ ਦਾ ਮੁੱਖ ਦਫ਼ਤਰ ਹੋਣ ਦੇ ਬਾਵਜੂਦ ਸ਼ਹਿਰ 'ਚ ਗੈਰ-ਕਾਨੂੰਨੀ ਪੀ. ਜੀ. ਦਾ ਧੰਦਾ ਬੰਦ ਨਹੀਂ ਹੋ ਰਿਹਾ ਹੈ। ਇਹ ਧੰਦਾ ਬੰਦ ਨਾ ਹੋਣਾ ਗਮਾਡਾ ਦਫ਼ਤਰ 'ਚ ਭ੍ਰਿਸ਼ਟਾਚਾਰ ਵੱਲ ਵੀ ਇਸ਼ਾਰਾ ਕਰਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਗਮਾਡਾ ਜੇਕਰ ਸਹੀ ਢੰਗ ਨਾਲ ਸਰਵੇਖਣ ਕਰਵਾਏ ਤਾਂ ਹਜ਼ਾਰਾਂ ਦੀ ਗਿਣਤੀ 'ਚ ਗੈਰ-ਕਾਨੂੰਨੀ ਪੀ. ਜੀ. ਸਾਹਮਣੇ ਆਉਣਗੇ ਤੇ ਇਸ ਨਾਲ ਗਮਾਡਾ ਦੀ ਆਮਦਨ 'ਤੇ ਵੀ ਕਾਫ਼ੀ ਫ਼ਰਕ ਪੈ ਸਕਦਾ ਹੈ।
ਸ਼ਿਕਾਇਤ ਕਰਦੇ ਹਨ ਤਾਂ ਦੱਸ ਦਿੰਦੇ ਹਨ ਅਧਿਕਾਰੀ
ਗੈਰ-ਕਾਨੂੰਨੀ ਪੀ. ਜੀ. ਦੀ ਸਮੱਸਿਆ ਤੋਂ ਤੰਗ ਆਏ ਲੋਕ ਜੇਕਰ ਗਮਾਡਾ ਦੇ ਕੋਲ ਕਿਸੇ ਪੀ. ਜੀ. ਦੀ ਸ਼ਿਕਾਇਤ ਲੈ ਕੇ ਜਾਂਦੇ ਹਨ ਤਾਂ ਦਫ਼ਤਰ ਤੋਂ ਚੈਕਿੰਗ ਲਈ ਆਉਣ ਵਾਲੇ ਗਮਾਡਾ ਦੇ ਅਧਿਕਾਰੀ ਉਸ ਸਬੰਧਿਤ ਪੀ. ਜੀ. ਮਾਲਕ ਨੂੰ ਸ਼ਿਕਾਇਤਕਰਤਾ ਦਾ ਨਾਂ ਤੇ ਪਤਾ ਤਕ ਦੱਸ ਦਿੰਦੇ ਹਨ । ਅਜਿਹੇ 'ਚ ਉਹ ਗੈਰ-ਕਾਨੂੰਨੀ ਪੀ. ਜੀ. ਦਾ ਮਾਲਕ ਸ਼ਿਕਾਇਤਕਰਤਾ ਨਾਲ ਲੜਾਈ ਕਰਨ ਲਗ ਪੈਂਦਾ ਹੈ ਤੇ ਸ਼ਿਕਾਇਤਕਰਤਾ ਭਵਿੱਖ 'ਚ ਸ਼ਿਕਾਇਤ ਕਰਨੋਂ ਵੀ ਤੌਬਾ ਕਰ ਜਾਂਦਾ ਹੈ।