ਗਾਰਡ ਨੂੰ ਚਕਮਾ ਦੇ ਕੇ ਨਸ਼ਾ ਛੁਡਾਊ ਕੇਂਦਰ ਚੋਂ ਭੱਜ ਗਏ 18 ਨਸ਼ੇੜੀ
Saturday, Jun 21, 2025 - 09:59 PM (IST)

ਫਰੀਦਕੋਟ- ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛੁੜਾਊ ਕੇਂਦਰ ਵਿੱਚ ਦਾਖਲ ਮਰੀਜ਼ਾਂ ਵਿੱਚੋਂ 18 ਦੇ ਕਰੀਬ ਨੌਜਵਾਨ ਮਰੀਜ਼ ਦੇਰ ਰਾਤ ਉਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਹਾਲਾਂਕਿ ਹਫੜਾ-ਦਫੜੀ ਵਿੱਚ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਵਿੱਚੋਂ 10 ਨੂੰ ਮੁੜ ਕਾਬੂ ਕਰ ਲਿਆ ਗਿਆ ਜਦੋਂਕਿ 8 ਮਰੀਜ਼ ਹਜੇ ਵੀ ਫਰਾਰ ਦੱਸੇ ਜਾ ਰਹੇ ਹਨ। ਇਨ੍ਹਾਂ ਦੇ ਖਿਲਾਫ ਪਹਿਲਾਂ ਤੋਂ ਹੀ ਐੱਨਡੀਪੀਐੱਸ ਦੀ ਧਾਰਾ ਤਹਿਤ ਮਾਮਲੇ ਦਰਜ ਹਨ।
ਗੌਰਤਲਬ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਡੀ ਹੋਈ ਹੈ ਅਤੇ ਨਾਲ ਹੀ ਜਿਹੜੇ ਨੌਜਵਾਨ ਆਪਣੀ ਇੱਛਾ ਨਾਲ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਪੁਲਿਸ ਵੱਲੋਂ ਨਸ਼ਾ ਛੁੜਾਉ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਪਰ ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛੁੜਾਊ ਕੇਂਦਰ ਵਿੱਚ ਦਾਖਲ 18 ਮਰੀਜ਼ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾਂ ਦੇ ਕੇ ਫਰਾਰ ਹੋ ਗਏ। ਸੰਬੰਧਿਤ ਥਾਣਿਆਂ ਵਿੱਚ ਇਨ੍ਹਾਂ ਬਾਰੇ ਇਤਲਾਹ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਹਨਾਂ ਨੂੰ ਵੀ ਕਾਬੂ ਕਰ ਹਸਪਤਾਲ ਵਿੱਚ ਮੁੜ ਭਰਤੀ ਕਰਵਾਇਆ ਜਾਏਗਾ।
ਗੌਰਤਲਬ ਹੈ ਕੇ ਕੱਲ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਵੱਲੋਂ ਐਸਐਸਪੀ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਨਾਲ ਮਿਲ ਕੇ ਇਸੇ ਨਸ਼ਾ ਕੇਂਦਰ ਦਾ ਦੌਰਾ ਕੀਤਾ ਗਿਆ ਸੀ ਅਤੇ ਨਸ਼ਾ ਕੇਂਦਰ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਸੀ ਅਤੇ ਉਹਨਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਸੀ ਪਰ ਉਸੇ ਰਾਤ ਹੀ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਮਰੀਜ਼ਾਂ ਵੱਲੋਂ ਗਾਰਦ ਨੂੰ ਚੱਕਵਾਂ ਦੇ ਕੇ ਫਰਾਰ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ।