ਕਾਂਗਰਸ ਦਾ ਗੌਰਵਸ਼ਾਲੀ ਇਤਿਹਾਸ, ਦੇਸ਼ ''ਚ ਹੋਵੇਗੀ ਵਾਪਸੀ : ਮੁੱਖ ਮੰਤਰੀ

Saturday, Dec 28, 2019 - 07:55 PM (IST)

ਕਾਂਗਰਸ ਦਾ ਗੌਰਵਸ਼ਾਲੀ ਇਤਿਹਾਸ, ਦੇਸ਼ ''ਚ ਹੋਵੇਗੀ ਵਾਪਸੀ : ਮੁੱਖ ਮੰਤਰੀ

ਜਲੰਧਰ, (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਪਾਰਟੀ ਜਲਦ ਹੀ ਦੇਸ਼ 'ਚ ਵਾਪਸੀ ਕਰੇਗੀ। ਮੁੱਖ ਮੰਤਰੀ ਨੇ ਅੱਜ ਕਾਂਗਰਸ ਦੇ 135ਵੇਂ ਸਥਾਪਨਾ ਦਿਵਸ 'ਤੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਸੁਤੰਤਰਤਾ ਸੰਗਰਾਮ ਤੇ ਰਾਸ਼ਟਰ ਨਿਰਮਾਣ ਨਾਲ ਜੁੜਿਆ ਰਿਹਾ ਹੈ।
ਕੈਪਟਨ ਨੇ ਅੱਜ ਪਾਰਟੀ ਸਥਾਪਨਾ ਦੇ 135ਵੇਂ ਸਾਲ 'ਤੇ ਕਾਂਗਰਸੀ ਮਹਿਲਾ ਵਰਕਰਾਂ ਦੀ ਵਰ੍ਹਿਆਂ ਪੁਰਾਣੀ ਤਸਵੀਰ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਸ਼ੇਅਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਮਜ਼ਬੂਤੀ ਦੇਣ 'ਚ ਸਾਰੇ ਵਰਗਾਂ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੱਖ 'ਚ ਦੇਸ਼ ਦੇ ਲੋਕਾਂ ਦੀ ਰਾਇ ਇਕ ਹੈ, ਜਿਸ ਦੀ ਉਦਾਹਰਣ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਦੇ ਚੋਣ ਨਤੀਜੇ ਰਹੇ। ਦੇਸ਼ ਦੀ ਜਨਤਾ ਦਾ ਕੇਂਦਰ ਦੀ ਰਾਜਗ ਸਰਕਾਰ ਤੋਂ ਮੋਹ ਤੇਜ਼ੀ ਨਾਲ ਭੰਗ ਹੋ ਰਿਹਾ ਹੈ।
ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ 'ਤੇ ਬੋਲਦਿਆਂ ਕਿਹਾ ਕਿ ਦੇਸ਼ ਦੇ ਲੋਕਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਨਤਾ ਅੰਦਰ ਜੋ ਰੋਸ ਦੀ ਭਾਵਨਾ ਹੈ, ਉਸ ਨੂੰ ਜਲਦੀ ਦੂਰ ਕੀਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਨੇ ਅਜੇ ਤੱਕ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ 'ਤੇ ਦੋਹਰਾ ਸਟੈਂਡ ਲਿਆ ਹੋਇਆ ਹੈ। ਸੀ. ਏ. ਏ. ਅਤੇ ਐੱਨ. ਆਰ. ਸੀ. ਨੂੰ ਲੈ ਕੇ ਜਨਤਾ ਵੱਲੋਂ ਕੀਤੇ ਜਾ ਰਹੇ ਵਿਰੋਧ ਦੀ ਭਾਵਨਾ ਨੂੰ ਕੇਂਦਰ ਸਰਕਾਰ ਸਮਝ ਨਹੀਂ ਰਹੀ। ਉਨ੍ਹਾਂ ਕਿਹਾ ਕਿ ਝਾਰਖੰਡ ਵਿਚ ਲੋਕਾਂ ਨੇ ਜਿਸ ਤਰ੍ਹਾਂ ਭਾਜਪਾ ਨੂੰ ਨਕਾਰ ਕੇ ਕਾਂਗਰਸ ਤੇ ਸਹਿਯੋਗੀ ਦਲਾਂ ਨੂੰ ਸਮਰਥਨ ਦਿੱਤਾ ਹੈ, ਉਸ ਤੋਂ ਵੀ ਜਨਤਾ ਦਾ ਮੁੜ ਕਾਂਗਰਸ ਪ੍ਰਤੀ ਬਣ ਰਿਹਾ ਭਰੋਸਾ ਪ੍ਰਗਟ ਹੋ ਜਾਂਦਾ ਹੈ।


author

KamalJeet Singh

Content Editor

Related News