ਕਤਲ ਵਰਗੇ ਮਾਮਲਿਆਂ ''ਚ ਸ਼ਾਮਲ ਕੁੜੀਆਂ ਨੇ ਆਸ਼ਰਮ ਤੋਂ ਭੱਜਣ ਦੀ ਕੀਤੀ ਕੋਸ਼ਿਸ਼, ਹੋਮਗਾਰਡ ਦਾ ਪਾੜਿਆ ਸਿਰ
Thursday, Aug 22, 2024 - 10:27 PM (IST)
ਜਲੰਧਰ- ਜਲੰਧਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੋਰੀ, ਨਸ਼ਾ ਤਸਕਰੀ ਅਤੇ ਕਤਲ ਦੇ ਮਾਮਲਿਆਂ 'ਚ ਸ਼ਾਮਲ ਕੁੜੀਆਂ ਨੇ ਇਕ ਆਸ਼ਰਮ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਹੋਮਗਾਰਡ ਦੀ ਇੱਕ ਮਹਿਲਾ ਮੁਲਾਜ਼ਮ ਦਾ ਸਿਰ ਪਾੜ ਦਿੱਤਾ। ਹਾਲਾਂਕਿ ਗਾਂਧੀ ਵਨੀਤਾ ਆਸ਼ਰਮ ਦੀ ਚਾਰਦੀਵਾਰੀ ਉੱਚੀ ਹੋਣ ਕਾਰਨ ਇਹ ਲੜਕੀਆਂ ਭੱਜਣ 'ਚ ਕਾਮਯਾਬ ਨਹੀਂ ਹੋ ਸਕੀਆਂ। ਸੂਚਨਾ ਮਿਲਣ 'ਤੇ ਹੋਮ ਗਾਰਡ ਦੀ ਮਹਿਲਾ ਕਰਮਚਾਰੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਸ 'ਤੇ ਕਮਿਸ਼ਨਰੇਟ ਪੁਲਸ ਦੋਸ਼ੀ ਲੜਕੀਆਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਰੀਆਂ 7 ਕੁੜੀਆਂ ਕਿਸੇ ਤਰ੍ਹਾਂ ਆਪਣੇ ਕਮਰਿਆਂ ਤੋਂ ਬਾਹਰ ਆ ਗਈਆਂ। ਜਿਵੇਂ ਹੀ ਲੜਕੀਆਂ ਬਾਹਰ ਨਿਕਲੀਆਂ ਤਾਂ ਉਥੇ ਤਾਇਨਾਤ ਹੋਮਗਾਰਡ ਦੀ ਮਹਿਲਾ ਮੁਲਾਜ਼ਮ ਅੰਮ੍ਰਿਤ ਕੌਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕੁੜੀਆਂ ਨੇ ਮਹਿਲਾ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ। ਕੁੜੀਆਂ ਨੇ ਮਹਿਲਾ ਮੁਲਾਜ਼ਮ ਅੰਮ੍ਰਿਤ ਕੌਰ ਦਾ ਸਿਰ ਪਾੜ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਹੋਮਗਾਰਡ ਮਹਿਲਾ ਕਰਮਚਾਰੀ ਅੰਮ੍ਰਿਤ ਕੌਰ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਹੈ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਸਬੰਧੀ ਸੰਪਰਕ ਕਰਨ ’ਤੇ ਥਾਣਾ ਨੰਬਰ 2 ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 7 ਕੁੜੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। 7 'ਚੋਂ 3 ਕੁੜੀਆਂ ਕਤਲ, 2 ਨਸ਼ੇ ਦੇ ਮਾਮਲੇ 'ਚ ਤੇ 2 ਦੇ ਨਾਂ ਚੋਰੀ ਦੇ ਮਾਮਲੇ 'ਚ ਸ਼ਾਮਲ ਹਨ। ਇਨ੍ਹਾਂ ਸੱਤਾਂ ਨੇ ਸਾਜ਼ਿਸ਼ ਰਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਉਹ ਫੜੀਆਂ ਗਈਆਂ। ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੁੜੀਆਂ ਪਹਿਲਾਂ ਵੀ ਭੱਜ ਚੁੱਕੀਆਂ ਹਨ
ਜ਼ਿਕਰਯੋਗ ਹੈ ਕਿ ਮਾਰਚ 2021 ਵਿੱਚ ਵੀ 46 ਕੁੜੀਆਂ ਇੱਕੋ ਸਮੇਂ ਆਸ਼ਰਮ ਤੋਂ ਭੱਜ ਗਈਆਂ ਸਨ, ਜਿਨ੍ਹਾਂ ਨੂੰ ਕਪੂਰਥਲਾ ਚੌਕ ਨੇੜੇ ਸਮੇਂ ਸਿਰ ਰੋਕ ਕੇ ਕਾਬੂ ਕਰ ਲਿਆ ਗਿਆ। ਲੜਕੀਆਂ ਨੇ ਆਸ਼ਰਮ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਵਿਸ਼ਾਲ ਪ੍ਰਦਰਸ਼ਨ ਵੀ ਕੀਤਾ ਸੀ। ਥਾਣਾ 2 ਦੀ ਪੁਲਸ ਨੇ ਸਿਮਰਨ, ਮੰਜਲੀ, ਖੁਸ਼ੀ, ਸਾਕਸ਼ੀ, ਪ੍ਰਿਆ, ਮੁਸਕਾਨ ਤੇ ਸੋਨੀਆ ਖ਼ਿਲਾਫ਼ ਪੰਜਾਬ ਹੋਮਗਾਰਡ ਦੀ ਕੁੱਟਮਾਰ ਕਰਨ ਕਾਰਨ ਧਾਰਾ 109, 132, 115/221, 61/2 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e