ਮੁੰਡਾ ਦੇ ਰਿਹਾ ਸੀ ਵੀਡੀਓ ਵਾਇਰਲ ਕਰਨ ਦੀ ਧਮਕੀ, ਤੰਗ ਆਈ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ
Monday, Nov 02, 2020 - 04:08 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਕੁੜੀ ਦੀ ਜਾਣ-ਪਛਾਣ ਵਾਲੇ ਨੌਜਵਾਨ ਨਾਲ ਗੱਲਬਾਤ ਕਰਨ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ 'ਤੇ ਕੁੜੀ ਵੱਲੋਂ ਜ਼ਹਿਰੀਲੀ ਵਸਤੂ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਰੇ ਇਲਾਜ਼ ਕੁੜੀ ਵਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੁੜੀ ਨੇ ਦੱਸਿਆ ਕਿ ਉਸ ਦੀ ਉਮਰ 18 ਸਾਲ ਹੈ ਅਤੇ ਉਹ 12ਵੀਂ ਤੱਕ ਪੜ੍ਹੀ ਹੋਈ ਹੈ।
ਉਸ ਨੇ ਦੱਸਿਆ ਕਿ ਸੂਰਜ ਕੁਮਾਰ ਪੁੱਤਰ ਰਣਜੀਤ ਸਿੰਘ ਉਸ ਦੇ ਮੋਬਾਇਲ ਫੋਨ 'ਤੇ ਉਸ ਦੀ ਸ਼ਾਨ ਦੇ ਬਰਖਿਲਾਫ਼ ਬੋਲਦਾ ਸੀ, ਜਿਸ ਦੇ ਚੱਲਦਿਆਂ ਉਸ ਨੇ ਆਪਣੀ ਪਹਿਲੀ ਸਿੰਮ ਬੰਦ ਕਰਵਾ ਦਿੱਤੀ, ਜਿਸ ਉਪਰੰਤ ਉਹ ਉਸਦਾ ਪਿੱਛਾ ਕਰਕੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ ਤਾਂ ਉਕਤ ਨੌਜਵਾਨ ਨੇ ਉਸ ਦਾ ਪਿੱਛਾ ਕਰਕੇ ਕਿਹਾ ਕਿ ਉਸ ਦੇ ਕੋਲ ਉਸ ਦੀ ਇੱਕ ਮੁੰਡੇ ਦੇ ਨਾਲ ਬੈਠੀ ਹੋਈ ਦੀ ਵੀਡੀਓ ਹੈ, ਜਿਸ ਨੂੰ ਉਹ ਵਾਇਰਲ ਕਰ ਦੇਵੇਗਾ।
ਉਸ ਨੇ ਦੱਸਿਆ ਕਿ ਇਸ ਸੰਬੰਧੀ ਉਸ ਨੇ ਘਰ 'ਚ ਆਪਣੇ ਮਾਪਿਆਂ ਨੂੰ ਜਾ ਕੇ ਦੱਸਿਆ ਅਤੇ ਉਸ ਦੇ ਪਿਤਾ ਅਤੇ ਚਾਚਾ ਉਕਤ ਨੌਜਵਾਨ ਦੀ ਹਰਕਤਾਂ ਸਬੰਧੀ ਜਾਣਕਾਰੀ ਦੇਣ ਲਈ ਸਰਪੰਚ ਦੇ ਘਰ ਚਲੇ ਗਏ। ਇਸ ਦੌਰਾਨ ਉਸ ਨੌਜਵਾਨ ਵੱਲੋਂ ਦਿੱਤੀ ਧਮਕੀ ਅਤੇ ਲਗਾਤਾਰ ਤੰਗ-ਪਰੇਸ਼ਾਨ ਕਰਨ ਦਾ ਸਦਮਾ ਉਸ ਕੋਲੋਂ ਬਰਦਾਸ਼ਤ ਨਹੀ ਹੋਇਆ ਤਾਂ ਉਸ ਨੇ ਘਰ 'ਚ ਪਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਰਹੀ ਦੇਖ ਕੇ ਘਰ ਵਾਲਿਆ ਨੇ ਉਸ ਨੂੰ ਹਸਪਤਾਲ 'ਚ ਇਲਾਜ ਦੇ ਲਈ ਦਾਖ਼ਲ ਕਰਵਾ ਦਿੱਤਾ। ਪੁਲਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਨੌਜਵਾਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।