14 ਸਾਲਾ ਲੜਕੀ ਨਾਲ ਹਵਸ ਦੀ ਭੁੱਖ ਮਿਟਾਉਣ ਵਾਲਾ ਸਾਬਕਾ ਮੈਂਬਰ ਪੰਚਾਇਤ ਚੜ੍ਹਿਆ ਪੁਲਸ ਅੜਿੱਕੇ

Saturday, Jul 18, 2020 - 10:30 AM (IST)

ਜਲੰਧਰ (ਮਹੇਸ਼)— ਥਾਣਾ ਪਤਾਰਾ ਦੀ ਪੁਲਸ ਨੇ ਆਪਣੇ ਥਾਣੇ ਦੇ ਅਧੀਨ ਆਉਂਦੇ ਇਕ ਪਿੰਡ 'ਚ 14 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਮੁੱਖ ਮੁਲਜ਼ਮ ਸਾਬਕਾ ਪੰਚਾਇਤ ਮੈਂਬਰ ਭੁਪਿੰਦਰ ਸਿੰਘ ਭਿੰਦਾ ਪੁੱਤਰ ਮਹਿੰਗਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ 'ਚ ਪੁਲਸ ਵਰਿੰਦਰ ਸਿੰਘ ਪੁੱਤਰ ਸਵਰਣ ਸਿੰਘ ਨਾਮੀ ਇਕ ਹੋਰ ਮੁਲਜ਼ਮ ਨੂੰ ਪਹਿਲਾਂ ਹੀ ਕਾਬੂ ਕਰ ਚੁੱਕੀ ਹੈ। ਮੁੱਖ ਮੁਲਜ਼ਮ ਭਿੰਦਾ ਦੇ ਖ਼ਿਲਾਫ਼ ਪੀੜਤਾ ਨੇ ਥਾਣਾ ਪਤਾਰਾ ਦੀ ਐੱਸ. ਆਈ. ਆਸ਼ਾ ਰਾਣੀ (ਜਾਂਚ ਅਧਿਕਾਰੀ) ਨੂੰ ਬਿਆਨ ਦਿੱਤੇ ਸਨ ਕਿ ਉਸ ਨੇ ਉਸ ਦੇ ਨਾਲ ਵਰਿੰਦਰ ਸਿੰਘ ਦੇ ਨਿਰਮਾਣ ਅਧੀਨ ਘਰ 'ਚ ਲਿਜਾ ਕੇ ਜਬਰਨ ਸਰੀਰਕ ਸੰਬੰਧ ਬਣਾਏ ਸਨ, ਜਿਸ ਦੇ ਬਾਅਦ ਥਾਣਾ ਪਤਾਰਾ 'ਚ ਆਈ. ਪੀ. ਸੀ. ਦੀ ਧਾਰਾ 376, ਪੋਕਸੋ ਐਕਟ ਅਤੇ ਐੱਸ. ਸੀ. ਐੱਸ. ਟੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਪਤਾਰਾ ਪੁਲਸ ਤੋਂ ਮਿਲੀ ਜਾਣਕਾਰੀ ਹੈ ਕਿ 9ਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਕੇ ਇਕ ਵਾਰ ਫਿਰ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਭੁਪਿੰਦਰ ਸਿੰਘ ਭਿੰਦਾ ਨੂੰ ਸ਼ਨੀਵਾਰ ਸਵੇਰੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਐੱਸ. ਐੱਚ. ਓ. ਪਤਾਰਾ ਰਣਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਫੜੇ ਜਾ ਚੁੱਕੇ ਮੁਲਜ਼ਮ ਵਰਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਦੋਬਾਰਾ ਕੋਰਟ 'ਚ ਪੇਸ਼ ਕੀਤਾ ਗਿਆ ਸੀ ਅਤੇ ਜੱਜ ਸਾਹਿਬ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਵਰਿੰਦਰ ਸਿੰਘ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਆਉਣ 'ਤੇ ਹੀ ਉਸ ਨੂੰ ਜੇਲ ਭੇਜਿਆ ਜਾਵੇਗਾ।


shivani attri

Content Editor

Related News