ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਇਕ ਮਹੀਨੇ ''ਚ ਪਲਾਟ ਦੇਣ ਦੇ ਨਿਰਦੇਸ਼

Monday, Oct 26, 2020 - 06:22 PM (IST)

ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਇਕ ਮਹੀਨੇ ''ਚ ਪਲਾਟ ਦੇਣ ਦੇ ਨਿਰਦੇਸ਼

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਰਜਿੰਦਰ ਸਿੰਘ ਨੇ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਸਮੇਤ ਪਿੰਡ ਜਲਾਲਪੁਰ ਪਹੁੰਚ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਇਸ ਹੌਲਨਾਕ ਘਟਨਾ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਪ੍ਰਗਟ ਕਰਨ ਉਪਰੰਤ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ, ਕਮਿਸ਼ਨ ਦੇ ਵਾਈਸ ਚੇਅਰਮੈਨ ਸੇਬੀ ਥੋਮਸ ਅਤੇ ਕੌਮੀ ਕਮਿਸ਼ਨ ਦੇ ਮੈਂਬਰ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਮੀਟਿੰਗ ਕਰਕੇ ਹੋ ਰਹੀ ਕਾਰਵਾਈ ਦਾ ਜਾਇਜ਼ਾ ਲਿਆ।

ਚੇਅਰਮੈਨ ਰਜਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਪੀੜਤ ਪਰਿਵਾਰ ਨਾਲ ਸਰਕਾਰ ਵੱਲੋਂ ਕੀਤੇ ਵਾਅਦੇ ਸਮੇਂ ਸਿਰ ਪੂਰੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਪਿੰਡ 'ਚ ਪਲਾਟ ਦੇਣ ਦਾ ਵਾਅਦਾ ਇਕ ਮਹੀਨੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਕਮਿਸ਼ਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਕ ਮਹੀਨੇ ਵਿੱਚ ਪਰਿਵਾਰ ਨੂੰ ਪਲਾਟ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਮਿਸ਼ਨ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਪੀੜਤ ਪਰਿਵਾਰ ਦੀਆਂ 5 ਧੀਆਂ ਦੇ ਨਾਂ 'ਤੇ ਆਪਣੀ ਜੇਬ 'ਚੋਂ 50-50 ਹਜ਼ਾਰ ਰੁਪਏ ਦੀ ਐੱਫ. ਡੀ. ਵੀ ਦੋ-ਚਾਰ ਦਿਨਾਂ ਵਿੱਚ ਪਰਿਵਾਰ ਦੇ ਸਪੁਰਦ ਕੀਤੀ ਜਾ ਰਹੀ ਹੈ। ਚੇਅਰਮੈਨ ਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨਾਲ ਮੁਲਾਕਾਤ ਦੌਰਾਨ ਕਮਿਸ਼ਨ ਦੇ ਮੈਂਬਰ ਯਸ਼ਵੰਤ ਜੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਮੇਂ ਸਿਰ ਕੀਤੀ ਤੁਰੰਤ ਕਾਰਵਾਈ 'ਤੇ ਤਸੱਲੀ ਪ੍ਰਗਟਾਈ। ਯਸ਼ਵੰਤ ਜੈਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਕੌਮੀ ਅਤੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ ਨਿਆਂ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਨੇ ਕਮਿਸ਼ਨ ਨੂੰ ਦੱਸਿਆ ਕਿ ਪੁਲਸ ਵੱਲੋਂ ਜਲਦ ਹੀ ਮਾਮਲੇ ਸਬੰਧੀ ਚਲਾਨ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਅਦਾਲਤੀ ਕਾਰਵਾਈ ਪੂਰੀ ਤੇਜ਼ੀ ਨਾਲ ਅਮਲ 'ਚ ਲਿਆਂਦੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ  ਈਸ਼ਵਰ ਚੰਦ, ਜਵਾਹਰ ਲਾਲ ਖੁਰਾਣਾ, ਹਿਮਾਨੀ ਨੋਟਿਆਲ, ਅੰਜਲੀ ਮਾਹਲਕੇ ਆਦਿ ਵੀ ਮੌਜੂਦ ਸਨ।  


author

shivani attri

Content Editor

Related News