ਅਗਵਾ ਕੀਤੀ ਵਿਦਿਆਰਥਣ ਦੀ ਲਾਸ਼ ਖੂਹ 'ਚੋਂ ਬਰਾਮਦ (ਤਸਵੀਰਾਂ)
Tuesday, Mar 19, 2019 - 06:29 PM (IST)
ਸੁਲਤਾਨਪੁਰ ਲੋਧੀ (ਓਬਰਾਏ)— 2 ਮਾਰਚ ਦੀ ਰਾਤ ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਬਸਤੀ ਦੀ ਨਾਬਾਲਗ ਕਮਲਜੀਤ ਕੌਰ ਘਰੋਂ ਗਾਇਬ ਹੋ ਗਈ ਸੀ,ਜਿਸ ਦੀ ਲਾਸ਼ ਅੱਜ ਪੁਲਸ ਨੇ ਜਲੰਧਰ ਦੇ ਥਾਣਾ ਬਿਲਗਾ ਦੇ ਪਿੰਡ ਉਮਰਪੁਰੀ ਦੇ ਖੂਹ 'ਚੋਂ ਬਰਾਮਦ ਕੀਤੀ ਹੈ। ਲਾਸ਼ ਇਕ ਬੋਰੀ 'ਚ ਸੀ। ਲਾਸ਼ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ, ਜਿਵੇਂ ਉਸ ਦੇ ਚਿਹਰੇ ਨੂੰ ਜਲਨਸ਼ੀਲ ਪਦਾਰਥ ਨਾਲ ਸਾੜਿਆ ਗਿਆ ਹੋਵੇ ਤਾਂਕਿ ਉਸ ਦੀ ਪਛਾਣ ਨਾ ਹੋ ਸਕੇ। ਲੜਕੀ ਦੇ ਪਰਿਵਾਰ ਵਾਲਿਆਂ ਮੁਤਾਬਕ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸ਼ਕ ਸੀ ਕਿ ਲੜਕੀ ਦੇ ਇਕ ਨਜ਼ਦੀਕੀ ਪਿੰਡ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਸਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਕੁੜੀ ਘਰ ਤੋਂ ਗਾਇਬ ਹੋ ਗਈ ਤਾਂ ਉਨ੍ਹਾਂ ਨੇ ਉਕਤ ਲੜਕੇ ਦੇ ਘਰ ਜਾ ਕੇ ਲੜਕੀ ਬਾਰੇ ਪੁੱਛਗਿੱਛ ਕੀਤੀ ਅਤੇ ਦੋਹਾਂ ਦੇ ਵਿਆਹ ਦੀ ਗੱਲ ਕੀਤੀ। ਲੜਕੇ ਦੇ ਪਰਿਵਾਰ ਨੇ ਲੜਕੀ ਉਨ੍ਹਾਂ ਦੇ ਕੋਲ ਹੋਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲੜਕੇ ਵੱਲੋਂ ਜ਼ਹਿਰ ਨਿਗਲ ਲੈਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੂੰ ਲੜਕੇ ਪੱਖ ਦੇ ਕਿਸੇ ਜਾਣਕਾਰ ਨੇ ਲੜਕੀ ਦੀ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਦਿੱਤੀ।
ਪਰਿਵਾਰ ਨੂੰ ਡਰ ਹੈ ਹੱਤਿਆ ਤੋਂ ਪਹਿਲਾਂ ਲੜਕੀ ਨਾਲ ਬਲਾਤਕਾਰ ਹੋਇਆ ਹੋ ਸਕਦਾ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਵਗਗਲਾ ਕੇ ਲਿਜਾਣ ਦੇ ਸੰਬੰਧ 'ਚ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਲੜਕੇ ਸਹਿਤ 5 ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਇਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।