ਵਿਆਹ ਦੇ ਚਾਅ ਰਹਿ ਗਏ ਅਧੂਰੇ, ਹੱਥੀਂ ਚੂੜਾ ਪਾਏ ਲਾਲ ਜੋੜੇ 'ਚ ਥਾਣੇ ਪੁੱਜੀ ਲੜਕੀ (ਤਸਵੀਰਾਂ)

Tuesday, Apr 30, 2019 - 01:03 PM (IST)

ਜਲੰਧਰ (ਸੁਧੀਰ)— ਸਥਾਨਕ ਰੇਲਵੇ ਰੋਡ 'ਤੇ ਸਥਿਤ ਮਹਾਰਾਜਾ ਪੈਲੇਸ 'ਚ ਐਤਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਆਹ ਦਾ ਮੰਡਪ ਸਜਿਆ ਹੋਇਆ ਸੀ ਅਤੇ ਦੁਲਹਨ ਵੀ ਹੱਥਾਂ 'ਚ ਮਹਿੰਦੀ ਲਗਾ ਕੇ ਤੇ ਚੂੜਾ ਪਾ ਕੇ ਸਜੀ ਹੋਈ ਸੀ। ਇੰਨੇ ਨੂੰ ਬਾਰਾਤ ਆਉਣ ਦੇ ਕੁਝ ਦੇਰ ਬਾਅਦ ਹੀ ਵਿਆਹ ਦੇ ਮੰਡਪ 'ਚ ਦਾਜ 'ਚ ਲੱਖਾਂ ਰੁਪਏ ਦੀ ਨਕਦੀ ਅਤੇ ਕਾਰ ਦੀ ਡਿਮਾਂਡ ਨੂੰ ਲੈ ਕੇ ਮਾਮਲਾ ਵਿਗੜ ਗਿਆ, ਇਸ ਗੱਲ 'ਤੇ ਉਥੇ ਖੂਬ ਹੰਗਾਮਾ ਹੋਇਆ।
ਮਾਮਲਾ ਵਿਗੜਦਾ ਦੇਖ ਕੇ ਲੜਕੀ ਵਾਲਿਆਂ ਨੇ ਘਟਨਾ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਨੰ. 3 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਪਰ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਲੜਕੀ ਵਾਲਿਆਂ ਦੇ ਪਰਿਵਾਰ ਵਾਲਿਆਂ ਵੱਲੋਂ ਲੜਕੇ ਵਾਲਿਆਂ ਦੇ ਅੱਗੇ ਹੱਥ ਜੋੜ ਕੇ ਮਿੰਨਤਾਂ-ਤਰਲੇ ਕੀਤੇ ਗਏ ਪਰ ਉਸ ਤੋਂ ਬਾਅਦ ਵੀ ਲੜਕੇ ਵਾਲੇ ਅੜੇ ਰਹੇ। ਇਸ ਗੱਲ ਸਬੰਧੀ ਦੋਵਾਂ ਧਿਰਾਂ 'ਚ ਖੂਬ ਬਹਿਸਬਾਜ਼ੀ ਅਤੇ ਹੰਗਾਮਾ ਹੋਇਆ, ਜਿਸ ਤੋਂ ਬਾਅਦ ਆਖਿਰਕਾਰ ਲੜਕੇ ਵਾਲੇ ਬਿਨਾਂ ਵਿਆਹ ਕੀਤੇ ਹੀ ਬਾਰਾਤ ਲੈ ਕੇ ਵਾਪਸ ਚਲੇ ਗਏ।

PunjabKesari
ਲੜਕੀ ਵਾਲਿਆਂ ਨੇ ਘਟਨਾ ਸਬੰਧੀ ਲੜਕੇ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਨੰ. 3 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਲੜਕੀ ਦੇ ਪਿਤਾ ਬਿੱਲਾ ਨਾਮਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਜੰਮੂ 'ਚ ਮੀਟ ਦਾ ਕਾਰੋਬਾਰ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਥੋਂ ਪਰਿਵਾਰ ਸਮੇਤ ਜਲੰਧਰ 'ਚ ਸੋਢਲ ਇਲਾਕੇ 'ਚ ਸ਼ਿਫਟ ਹੋਇਆ ਹੈ ਅਤੇ ਬੀਤੀ ਰਾਤ ਉਨ੍ਹਾਂ ਦੀ ਬੇਟੀ ਦਾ ਰੋਹਿਤ ਨਾਲ ਮਹਾਰਾਜਾ ਪੈਲੇਸ 'ਚ ਵਿਆਹ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੂਰੀ ਹੈਸੀਅਤ ਮੁਤਾਬਕ ਵਿਆਹ ਦਾ ਇੰਤਜ਼ਾਮ ਕੀਤਾ ਸੀ। ਬਾਰਾਤ ਕੁਝ ਦੇਰ ਨਾਲ ਪਹੁੰਚੀ।
ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਬਾਰਾਤ 'ਚ ਕਈ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੇ ਵਾਲਿਆਂ ਨੇ ਜੈ ਮਾਲਾ ਤੋਂ ਪਹਿਲਾਂ ਤਾਏ ਨੂੰ ਸੋਨੇ ਦੀ ਮੁੰਦਰੀ ਅਤੇ ਲੜਕੇ ਵਾਲਿਆਂ ਨੂੰ 20 ਲੱਖ ਰੁਪਏ ਅਤੇ ਕਾਰ ਅਤੇ ਮਾਂ ਨੂੰ ਸੋਨੇ ਦਾ ਸੈੱਟ ਦੇਣ ਦੀ ਡਿਮਾਂਡ ਰੱਖੀ, ਜਿਸ ਤੋਂ ਬਾਅਦ ਹੀ ਜੈ ਮਾਲਾ ਦੀ ਰਸਮ ਕਰਨ ਦੀ ਸ਼ਰਤ ਰੱਖੀ। ਲੜਕੀ ਦੇ ਪਿਤਾ ਬਿੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ, ''ਅਸੀਂ ਗਰੀਬ ਬੰਦੇ ਹਾਂ, ਅਸੀਂ ਇੰਨਾ ਕੁਝ ਨਹੀਂ ਕਰ ਸਕਦੇ।'' ਜਿਸ ਤੋਂ ਬਾਅਦ ਲੜਕੇ ਵਾਲੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਬਾਅਦ 'ਚ ਬਾਰਾਤ ਲੈ ਕੇ ਵਾਪਸ ਪਰਤ ਗਏ।

PunjabKesari
ਲਾਲ ਚੂੜੇ ਤੇ ਵਿਆਹ ਵਾਲੇ ਜੋੜੇ 'ਚ ਥਾਣੇ ਪਹੁੰਚੀ ਲੜਕੀ
ਸੋਮਵਾਰ ਨੂੰ ਵੀ ਦਿਨ ਭਰ ਮਾਮਲੇ ਦੀ ਜਾਂਚ ਚੱਲਦੀ ਰਹੀ। ਦੁਪਹਿਰ ਕਰੀਬ ਦੋ ਵਜੇ ਪੁਲਸ ਵਾਲੇ ਲੜਕੀ ਪੱਖ 'ਤੇ ਦਬਾਅ ਬਣਾਉਂਦੇ ਰਹੇ ਕਿ ਰਾਜੀਨਾਮਾ ਕਰ ਲਿਆ ਜਾਵੇ। ਇਸੇ ਦੌਰਾਨ ਲੜਕੀ ਦੁਲਹਨ ਦੇ ਲਿਬਾਸ 'ਚ ਹੀ ਥਾਣੇ ਦੇ ਬਾਹਰ ਆ ਕੇ ਬੈਠ ਗਈ। ਹੱਥਾਂ 'ਚ ਲਾਲ ਚੂੜਾ ਅਤੇ ਵਿਆਹ ਵਾਲੇ ਜੋੜੇ 'ਚ ਸਜੀ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਥਾਣੇ ਪਹੁੰਚੀ, ਜਿਸ ਨਾਲ ਪਰਿਵਾਰ ਦੇ ਲੋਕਾਂ ਨੇ ਲੜਕੇ ਵਾਲਿਆਂ 'ਤੇ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ 'ਤੇ ਆਲਾ ਅਧਿਕਾਰੀ ਹਰਕਤ 'ਚ ਆਏ। ਪੁਲਸ ਨੇ ਲੜਕੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰਕੇ ਭਰੋਸਾ ਦਿੱਤਾ ਕਿ ਕੇਸ ਦਰਜ ਕਰ ਲਿਆ ਜਾਵੇਗਾ। ਡੀ. ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ 'ਚ ਜਾਂਚ ਚੱਲ ਰਹੀ ਹੈ। ਜਾਂਚ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। 

PunjabKesari
ਡਿਮਾਂਡ ਪੂਰੀ ਨਾ ਹੋਣ 'ਤੇ ਲੜਕੇ ਨੇ ਸ਼ਗਨ ਵਾਲੀ ਚੁੰਨੀ ਪਾੜੀ
ਜਦੋਂ ਲੜਕੀ ਵਾਲਿਆਂ ਨੇ ਦਾਜ ਦੀ ਡਿਮਾਂਡ ਨਾ ਪੂਰੀ ਹੋਣ ਦੀ ਗੱਲ ਕਹੀ ਤਾਂ ਗੁੱਸੇ 'ਚ ਆ ਕੇ ਲਾੜੇ ਨੇ ਵਿਆਹ ਦੇ ਮੰਡਪ 'ਚ ਸ਼ਗਨ ਵਾਲੀ ਚੁੰਨੀ ਪਾੜ ਦਿੱਤੀ, ਜਿਸ ਤੋਂ ਬਾਅਦ ਉਹ ਸਿਰ ਤੋਂ ਪਗੜੀ ਉਤਾਰ ਕੇ ਬਾਰਾਤ ਲੈ ਕੇ ਵਾਪਸ ਚਲਾ ਗਿਆ।
'ਡੈਡੀ ਨੇ ਹੱਥ ਵੀ ਜੋੜੇ ਪਰ ਫੇਰ ਵੀ ਰਿਸ਼ਤਾ ਤੋੜ 'ਤਾ'
ਵਿਆਹ ਵਾਲੀ ਲੜਕੀ ਨੇ ਦੱਸਿਆ ਕਿ ਡੈਡੀ ਨੇ ਲੜਕੇ ਵਾਲਿਆਂ ਦੇ ਅੱਗੇ ਹੱਥ ਵੀ ਜੋੜੇ ਅਤੇ ਪੈਰ ਵੀ ਫੜੇ ਕਿ ਰਿਸ਼ਤਾ ਨਾ ਤੋੜੋ ਪਰ ਉਸ ਤੋਂ ਬਾਅਦ ਵੀ ਲੜਕੇ ਵਾਲੇ ਬਾਰਾਤ ਵਾਪਸ ਲੈ ਗਏ।

PunjabKesari
ਕਮਿਸ਼ਨਰੇਟ ਪੁਲਸ ਦਾ ਕਾਰਨਾਮਾ, 18 ਘੰਟੇ ਬੀਤਣ ਦੇ ਬਾਵਜੂਦ ਨਹੀਂ ਕੀਤਾ ਮਾਮਲਾ ਦਰਜ
ਦਾਜ ਖਾਤਰ ਦੇਰ ਰਾਤ ਇਕ ਰਿਸ਼ਤਾ ਟੁੱਟ ਗਿਆ, ਜਦਕਿ ਲੜਕੀ ਵਾਲਿਆਂ ਦੇ ਲੋਕ ਸਾਰੀ ਰਾਤ ਹੰਝੂ ਵਹਾਉਂਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਦੇਰ ਰਾਤ ਪੁਲਸ ਮਾਮਲੇ ਦੀ ਜਾਂਚ ਕਰਨ ਲਈ ਮੌਕੇ 'ਤੇ ਪਹੁੰਚੀ ਅਤੇ ਥਾਣਾ ਮੁਖੀ ਵੀ ਸਾਰਾ ਦਿਨ ਇਸੇ ਮਾਮਲੇ ਨੂੰ ਸੁਲਝਾਉਣ 'ਚ ਲੱਗੇ ਰਹੇ । ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲੰਮੇ-ਚੌੜੇ ਦਾਅਵੇ ਕਰਨ ਵਾਲੀ ਕਮਿਸ਼ਨਰੇਟ ਪੁਲਸ ਇਸ ਮਾਮਲੇ 'ਚ 18 ਘੰਟੇ ਬੀਤਣ ਦੇ ਬਾਵਜੂਦ ਵੀ ਕੇਸ ਦਰਜ ਨਹੀਂ ਕਰ ਸਕੀ। 18 ਘੰਟੇ ਬੀਤਣ ਦੇ ਬਾਅਦ ਵੀ ਏ. ਸੀ. ਪੀ. ਨਾਰਥ ਜਸਵਿੰਦਰ ਸਿੰਘ ਥਾਣਾ ਨੰ. 3 ਬੋਲੇ, ''ਹਾਲੇ ਮੈਂ ਮਾਮਲੇ ਦੀ ਜਾਂਚ ਕਰ ਰਿਹਾਂ, ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਹੋਵੇਗਾ।'' ਕਮਿਸ਼ਨਰੇਟ ਪੁਲਸ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਉਨ੍ਹਾਂ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।


Related News