ਅਦਾਲਤ ''ਚੋਂ ਲੜਕੀ ਅਗਵਾ

07/20/2017 7:29:56 AM

ਤਰਨਤਾਰਨ,  (ਰਾਜੂ)-   ਥਾਣਾ ਸਦਰ ਦੀ ਪੁਲਸ ਨੇ ਨਵ ਵਿਆਹੀ ਲੜਕੀ ਨੂੰ ਉਸ ਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਅਦਾਲਤ ਵਿਚੋਂ ਅਗਵਾ ਕਰ ਕੇ ਲੈ ਜਾਣ ਦੇ ਦੋਸ਼ 'ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਵ ਵਿਆਹੀ ਲੜਕੀ ਆਪਣੇ ਪਤੀ ਦੇ ਨਾਲ ਅਦਾਲਤ ਵਿਚ ਪੁਲਸ ਤੋਂ ਸੁਰੱਖਿਆ ਲੈਣ ਲਈ ਆਈ ਹੋਈ ਸੀ, ਜਿਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਸਬੰਧੀ ਸਾਰਾ ਮਾਮਲਾ ਐਡਵੋਕੇਟ ਜੇ. ਐੱਸ. ਢਿੱਲੋਂ ਨੇ ਜ਼ਿਲਾ ਪੁਲਸ ਮੁਖੀ ਦੇ ਧਿਆਨ ਵਿਚ ਲਿਆਂਦਾ ਅਤੇ ਪੁਲਸ ਨੇ ਦੋ ਘੰਟਿਆਂ ਦੇ ਸਮੇਂ ਦੇ ਅੰਦਰ ਲੜਕੀ ਨੂੰ ਬਰਾਮਦ ਕਰ ਲਿਆ।
ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਵਿੰਦਰ ਕੌਰ ਪਤਨੀ ਰਜਿੰਦਰ ਕੁਮਾਰ ਵਾਸੀ ਝਬਾਲ ਨੇ ਦੱਸਿਆ ਕਿ ਉਸ ਦੇ ਪੁੱਤਰ ਹਰਪ੍ਰੀਤ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਝਬਾਲ ਦਾ ਵਿਆਹ ਲਵਜੀਤ ਕੌਰ ਪੁੱਤਰੀ ਕਾਰਜ ਸਿੰਘ ਵਾਸੀ ਪਿੰਡ ਮੰਨਣ ਨਾਲ 16 ਜੁਲਾਈ ਨੂੰ ਝਬਾਲ ਵਿਖੇ ਹੋਇਆ ਸੀ ਤੇ ਇਸ ਸਬੰਧੀ ਵਿਆਹ ਦਾ ਸਰਟੀਫਿਕੇਟ ਵੀ ਜਾਰੀ ਹੋਇਆ ਹੈ। ਉਸ ਨੇ ਦੱੱਸਿਆ ਕਿ ਇਹ ਵਿਆਹ ਵਿਚ ਲਵਜੀਤ ਕੌਰ ਦੇ ਮਾਪੇ ਸਹਿਮਤ ਨਹੀਂ ਸਨ ਤੇ ਧਮਕੀਆਂ ਦਿੰਦੇ ਸਨ, ਜਿਸ ਕਰਕੇ ਉਸ ਦੀ  ਨੂੰਹ ਨੇ ਆਪਣੇ ਤੇ ਆਪਣੇ ਪਤੀ ਦੀ ਸੁਰੱਖਿਆ ਲਈ ਇਕ ਪਟੀਸ਼ਨ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਵਿਚ 18 ਜੁਲਾਈ ਨੂੰ ਦਾਇਰ ਕੀਤੀ ਹੈ। ਜੱਜ ਨੇ ਦੋਵਾਂ ਦੇ ਬਿਆਨ ਕਲਮਬੰਦ ਕਰਨ ਲਈ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤਾ ਸੀ।  ਸਵੇਰੇ ਉਸ ਦੀ ਨੂੰਹ ਅਤੇ ਪੁੱਤਰ ਜੋ ਦੋਵੇਂ ਹੀ ਬਾਲਗ ਹਨ, ਅਦਾਲਤ ਵਿਚ ਗਏ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜ਼ਬਰਦਸਤੀ ਉਸ ਨੂੰ ਉਥੋਂ ਚੁੱਕ ਲਿਆ ਅਤੇ ਭੱਜ ਗਏ।
ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਲੜਕੀ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News