ਨਾਬਾਲਗਾ ਨੂੰ ਕੀਤਾ ਅਗਵਾ
Monday, Jun 11, 2018 - 07:07 AM (IST)
ਮੋਗਾ (ਅਾਜ਼ਾਦ) - ਮੋਗਾ ਨਿਵਾਸੀ ਇਕ ਔਰਤ ਨੇ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਮਨਦੀਪ ਸਿੰਘ ਉਰਫ ਮਿੰਟੂ ’ਤੇ ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰ ਕੇ 14 ਸਾਲਾ ਨਾਬਾਲਗ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲਿਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਨਦੀਪ ਸਿੰਘ ਉਰਫ ਮਿੰਟੂ, ਪਿਤਾ ਪਰਮਜੀਤ ਸਿੰਘ ਉਰਫ ਪੰਮਾ, ਉਸ ਦੀ ਮਾਤਾ ਹਰਜੀਤ ਕੌਰ ਅਤੇ ਭਰਾ ਮੰਗਾ ਸਿੰਘ ਨਿਵਾਸੀ ਬੱਤਰਾ ਆਰੇ ਵਾਲੀ ਗਲੀ ਨੇਡ਼ੇ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀੜਤਾ ਦੀ ਮਾਂ ਨੇ ਕਿਹਾ ਕਿ ਘਰੇਲੂ ਝਗੜੇ ਕਾਰਨ ਉਹ ਮੋਗਾ ਆ ਕੇ ਰਹਿਣ ਲੱਗੀ। ਸਾਡੀ ਜਾਣ-ਪਛਾਣ ਮਨਦੀਪ ਸਿੰਘ ਉਰਫ ਮਿੰਟੂ ਪੁੱਤਰ ਪਰਮਜੀਤ ਸਿੰਘ ਨਿਵਾਸੀ ਗਲੀ ਮਾਈ ਭਾਗੋ ਕਾਲਜ ਸ੍ਰੀ ਮੁਕਤਸਰ ਸਾਹਿਬ ਨਾਲ ਹੋ ਗਈ ਸੀ। ਉਹ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ ਅਤੇ ਮੇਰੀ ਬੇਟੀ ’ਤੇ ਬੁਰੀ ਨਜ਼ਰ ਰੱਖਦਾ ਸੀ। ਮੈਂ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ ਅਤੇ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਵੀ ਸਾਡੇ ਘਰ ਆਇਆ ਅਤੇ ਮੇਰੀ ਬੇਟੀ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਪਰ ਮੈਂ ਇਨਕਾਰ ਕਰ ਦਿੱਤਾ ਪਰ ਕਥਿਤ ਦੋਸ਼ੀ ਮਿਲੀਭੁਗਤ ਕਰ ਕੇ ਮੇਰੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਏ। ਮੈਂ ਉਸ ਦੀ ਬਹੁਤ ਤਲਾਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
