ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ

06/02/2021 10:02:03 AM

ਜਲੰਧਰ (ਮ੍ਰਿਦੁਲ)- ਜਲੰਧਰ ਦੇ ਮਾਡਲ ਟਾਊਨ ਵਿਚ ਕਲਾਊਡ ਸਪਾ ਸੈਂਟਰ ਵਿਚ ਪੰਦਰਾਂ ਸਾਲ ਦੀ ਕੁੜੀ  ਨਾਲ ਗੈਂਗਰੇਪ ਕਰਨ ਵਾਲੇ ਚਾਰ ਦਰਿੰਦਿਆਂ ਅਤੇ ਇਕ ਔਰਤ ਸਾਜ਼ਿਸ਼ਕਰਤਾ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਗਿਆ ਹੈ। ਇਹ ਜਲੰਧਰ ਪੁਲਸ ਦੇ ਉਨ੍ਹਾਂ ਮਾਮਲਿਆਂ ਵਿਚੋਂ ਇਕ ਮਾਮਲਾ ਹੈ, ਜਿਸ ਨੂੰ ਪੁਲਸ ਨੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਟਰੇਸ ਕਰ ਲਿਆ ਹੈ ਅਤੇ ਮਾਮਲੇ ਵਿਚ ਸਿੱਧੇ ਤੌਰ ਉੱਤੇ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ। ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਹੋਣ ਤੋਂ ਲੈ ਕੇ ਆਖ਼ਰੀ ਮੁਲਜ਼ਮ ਦੇ ਫੜੇ ਜਾਣ ਤੱਕ ਪੁਲਸ ਦੇ ਸਾਹਮਣੇ ਕਈ ਚੁਣੌਤੀਆਂ ਸਨ ਅਤੇ ਜਲੰਧਰ ਪੁਲਸ ਨੇ ਇਸ ਨੂੰ ਕਿਵੇਂ ਹੱਲ ਕੀਤਾ, ਜਾਣਨ ਲਈ ਅਸੀਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ :

ਸਵਾਲ : ਮਾਮਲਾ ਤੁਹਾਡੇ ਨੋਟਿਸ ’ਚ ਆਇਆ ਤਾਂ ਸਭ ਤੋਂ ਪਹਿਲਾਂ ਤੁਹਾਡਾ ਰੀਐਕਸ਼ਨ ਕੀ ਸੀ?
ਜਵਾਬ :
ਕੇਸ ਧਿਆਨ ਵਿਚ ਆਇਆ ਤਾਂ ਪਹਿਲੇ ਹੀ ਦਿਨ ਇਹ ਸੋਚ ਸੀ ਕਿ ਜਿਸ ਬੱਚੀ ਨਾਲ ਅਨਿਆਂ ਹੋਇਆ ਹੈ, ਉਸ ਨੂੰ ਨਿਆਂ ਕਿਵੇਂ ਦਿਵਾਇਆ ਜਾਵੇ। ਇਸ ਲਈ ਆਪਣੀ ਟੀਮ ਨਾਲ ਡਿਸਕਸ ਕੀਤੀ ਅਤੇ ਇਕ ਪਾਸਿਓਂ ਹਰ ਪਹਿਲੂ ਨੂੰ ਜਾਂਚਣਾ ਸ਼ੁਰੂ ਕਰ ਦਿੱਤਾ। ਬਸ ਜ਼ਿਹਨ ਵਿਚ ਇਕ ਹੀ ਗੱਲ ਸੀ ਕਿ ਆਖਿਰ ਉਸ ਬੱਚੀ ਨਾਲ ਅਨਿਆਂ ਕਰਨ ਵਾਲੇ ਬਚਣੇ ਨਹੀਂ ਚਾਹੀਦੇ। ਇਸ ਲਈ ਐੱਸ. ਆਈ. ਟੀ. ਬਣਾਈ, ਜਿਸ ਦੇ ਇੰਚਾਰਜ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਸਨ ਅਤੇ ਉਨ੍ਹਾਂ ਨੂੰ ਅਸਿਸਟ ਕਰਨ ਲਈ ਏ. ਸੀ. ਪੀ. ਇਨਵੈਸਟੀਗੇਸ਼ਨ ਕੰਵਲਜੀਤ ਸਿੰਘ ਅਤੇ ਈ. ਸੀ. ਪੀ. ਰਾਜਿੰਦਰ ਪਾਲ ਕੌਰ ਨੂੰ ਲਾਇਆ ਗਿਆ।

ਇਹ ਵੀ ਪੜ੍ਹੋ: ਅਸ਼ਵਨੀ ਸੇਖੜੀ ਵੱਲੋਂ ਚੁੱਕੇ ਗਏ ਸਵਾਲਾਂ ਦਾ ਹਰੀਸ਼ ਰਾਵਤ ਨੇ ਦਿੱਤਾ ਠੋਕਵਾਂ ਜਵਾਬ (ਵੀਡੀਓ)

ਸਵਾਲ : ਕੇਸ ਨੂੰ ਕਿਵੇਂ ਹੱਲ ਕਰਨਾ ਅਤੇ ਇਸ ਦੀ ਸਟ੍ਰੇਟਜੀ ਕੀ ਰਹੀ?
ਜਵਾਬ :
ਦਰਅਸਲ ਇਸ ਕੇਸ ਵਿਚ ਸਟ੍ਰੇਟਜੀ ਇਸ ਹਿਸਾਬ ਨਾਲ ਬਣਾਈ ਗਈ ਕਿ ਕਿਸੇ ਨਾਲ ਧੱਕਾ ਨਾ ਹੋਵੇ ਅਤੇ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਣ ਕਿਉਂਕਿ ਸਾਰੇ ਮੁਲਜ਼ਮ ਇਕ-ਦੂਜੇ ਨਾਲ ਅਟੈਚ ਸਨ ਅਤੇ ਖਾਸ ਗੱਲ ਇਹ ਸੀ ਕਿ ਇਹ ਲੋਕ ਪ੍ਰੋਫੈਸ਼ਨਲ ਕ੍ਰਿਮੀਨਲ ਨਹੀਂ ਸਨ, ਇਸ ਹਿਸਾਬ ਨਾਲ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਇਸ ਵਿਚ ਦਿਨ ਬੀਤਣ ਦੇ ਨਾਲ-ਨਾਲ ਸਫ਼ਲਤਾ ਮਿਲਦੀ ਗਈ। ਹਰ ਪਹਿਲੂ ਨੂੰ ਜਾਂਚ ਪਰਖ ਕੇ ਹੀ ਕਦਮ ਅੱਗੇ ਵਧਾਇਆ ਗਿਆ ਕਿ ਕਿਤੇ ਕੋਈ ਊਣਤਾਈ ਨਾ ਰਹਿ ਜਾਵੇ ਅਤੇ ਮੁਲਜ਼ਮ ਬਚ ਜਾਣ। ਇਸ ਕੇਸ ਨੂੰ ਟਰੇਸ ਕਰਨ ਦੇ ਪਿੱਛੇ ਪੁਲਸ ਕਮਿਸ਼ਨਰੇਟ ਟੀਮ ਦੀ ਕਾਫੀ ਮਿਹਨਤ ਹੈ।

ਇਹ ਵੀ ਪੜ੍ਹੋ: ਓਲੰਪਿਕ ਕੁਆਲੀਫਾਈ ਕਰਨ ਲਈ ਖੇਤਾਂ ’ਚ ਪਸੀਨਾ ਵਹਾ ਕੇ ਇੰਝ ਪ੍ਰੈੱਕਟਿਸ ਕਰ ਰਹੇ ਨੇ ਸੂਬੇ ਦੇ ਖ਼ਿਡਾਰੀ

PunjabKesari

ਸਵਾਲ : ਮੁਲਜ਼ਮ ਕਿਸੇ ਵੀ ਤਰ੍ਹਾਂ ਬਚ ਨਾ ਸਕਣ, ਉਸ ਲਈ ਕੀ ਪਲੈਨਿੰਗ ਰਹੀ।
ਜਵਾਬ :
ਜਦੋਂ ਪਤਾ ਲੱਗਾ ਕਿ ਨਾਬਾਲਗਾ ਨਾਲ ਗੈਂਗਰੇਪ ਕਰਨ ਵਾਲੇ ਚਾਰ ਲੋਕ ਹਨ ਤਾਂ ਉਨ੍ਹਾਂ ਦੀ ਕੜੀ ਜੋੜਦੇ ਹੋਏ ਸਭ ਤੋਂ ਪਹਿਲਾਂ ਸਾਜ਼ਿਸ਼ਕਰਤਾ ਜੋਤੀ ਦੀ ਭਾਲ ਪੁਖਤਾ ਕੀਤੀ ਗਈ। ਲੁਧਿਆਣਾ ਜਿਥੇ ਦੀ ਉਹ ਰਹਿਣ ਵਾਲੀ ਸੀ, ਉੱਥੇ ਇਕ ਜਾਲ ਵਿਛਾਇਆ ਗਿਆ, ਜਿਸ ਨਾਲ ਉਹ ਪੁਲਸ ਦੇ ਹੱਥੇ ਚੜ੍ਹ ਗਈ। ਜੋਤੀ ਦੀ ਗ੍ਰਿਫ਼ਤਾਰੀ ਪੁਲਸ ਲਈ ਪਹਿਲੀ ਸਫਲਤਾ ਸੀ ਅਤੇ ਉਸ ਤੋਂ ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ। ਇਸ ਜਾਣਕਾਰੀ ਨੂੰ ਤਫ਼ਤੀਸ਼ ਦਾ ਹਿੱਸਾ ਬਣਾਇਆ ਗਿਆ। ਅੰਤ ਵਿਚ ਬਾਕੀ ਮੁਲਜ਼ਮਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਰੇਡ ਕਰਨ ਨਾਲ ਲਗਾਤਾਰ ਉਨ੍ਹਾਂ ’ਤੇ ਦਬਾਅ ਵਧਾਇਆ ਅਤੇ ਉਹ ਪੁਲਸ ਦੇ ਹੱਥੇ ਚੜ੍ਹ ਗਏ।

ਸਵਾਲ : ਜਾਂਚ ਲਈ ਟੀਮ ਨੇ ਕਿਸ ਤਰ੍ਹਾਂ ਕੰਮ ਕੀਤਾ?
ਜਵਾਬ :
ਸਾਜ਼ਿਸ਼ਕਰਤਾ ਜੋਤੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਤਕ ਇਹ ਇਕ ਅਜਿਹਾ ਕੇਸ ਸੀ, ਜਿਸ ਵਿਚ ਕੁਝ ਨਹੀਂ ਦਿਸ ਰਿਹਾ ਸੀ। ਪੁਲਸ ਦੀ ਜਾਂਚ ਦੌਰਾਨ ਮੁਲਜ਼ਮਾਂ ਦੇ ਮੋਬਾਇਲ ਫੋਨ ਤੋਂ ਲੈ ਕੇ ਹਰ ਚੀਜ਼ ਦੀ ਫਾਰੈਂਸਿਕ ਜਾਂਚ ਕਰਵਾਈ ਗਈ ਤਾਂ ਕਿ ਇਹ ਕਿਤੇ ਵੀ ਕੋਈ ਭੁੱਲ ਨਾ ਹੋ ਜਾਵੇ, ਨਾਲ ਹੀ ਡੀ. ਐੱਨ. ਏ. ਟੈਸਟ ਤੱਕ ਕਰਵਾਇਆ ਗਿਆ ਤਾਂ ਕਿ ਹਰ ਗੱਲ ਦੀ ਅਸਲੀਅਤ ਸਾਹਮਣੇ ਆਵੇ। ਕ੍ਰਾਈਮ ਨੂੰ ਲੈ ਕੇ ਮੇਰੀ ਇਕ ਹੀ ਸੋਚ ਹੈ ਅਤੇ ਉਹ ਹੈ ਜ਼ੀਰੋ ਟਾਲਰੈਂਸ, ਇਹ ਗੱਲ ਮੇਰੀ ਪੂਰੀ ਟੀਮ ਜਾਣਦੀ ਸੀ। ਇਹ ਮਾਮਲਾ ਤਾਂ ਵੈਸੇ ਵੀ ਇਕ ਬੱਚੀ ਦੇ ਨਾਲ ਜੁੜਿਆ ਸੀ ਤਾਂ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਟਾਲਰੈਂਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।

ਇਹ ਵੀ ਪੜ੍ਹੋ: 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਬੋਲੇ ਹਰੀਸ਼ ਰਾਵਤ, ਪੰਜਾਬ ’ਚ ਤਖ਼ਤਾ ਪਲਟਣ ਦੀ ਕੋਈ ਤਿਆਰੀ ਨਹੀਂ

ਸਵਾਲ : ਪੀੜਤਾ ’ਤੇ ਦਬਾਅ ਦੀ ਚਰਚਾ ਸੀ, ਉਸ ਸਥਿਤੀ ਨਾਲ ਕਿਵੇਂ ਨਜਿੱਠਿਆ ਗਿਆ?
ਜਵਾਬ :
ਜ਼ਿਲ੍ਹਾ ਪੁਲਸ ਨੇ ਇਸ ਮਾਮਲੇ ’ਚ ਬੇਹੱਦ ਪੁਖ਼ਤਾ ਤਰੀਕੇ ਨਾਲ ਕੰਮ ਕੀਤਾ ਹੈ। ਪੀੜਤਾ ’ਤੇ ਦਬਾਅ ਬਾਰੇ ਤਾਂ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਪਰ ਪਹਿਲਾਂ ਹੀ ਇਸ ਮਾਮਲੇ ਵਿਚ ਜਿਵੇਂ ਹੀ ਕੇਸ ਰਜਿਸਟਰਡ ਹੋਇਆ ਤਾਂ ਅਗਲੇ ਹੀ ਦਿਨ ਨਾਬਾਲਗਾ ਦਾ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਅਤੇ ਕੋਰਟ ਵਿਚ ਸੀ. ਆਰ. ਪੀ. ਸੀ. 164 ਦੇ ਤਹਿਤ ਬਿਆਨ ਦਰਜ ਕਰਵਾਏ ਗਏ ਤਾਂ ਕਿ ਮੁਲਜ਼ਮਾਂ ਨੂੰ ਕਿਸੇ ਵੀ ਤਰੀਕੇ ਦੀ ਕੋਰਟ ਤੋਂ ਰਾਹਤ ਨਾ ਮਿਲ ਸਕੇ, ਜਿਸ ਤੋਂ ਬਾਅਦ ਪੁਲਸ ਨੇ ਸਾਇੰਟਿਫਿਕ ਤਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਹਿਲੇ ਮੁਲਜ਼ਮ ਨੂੰ ਫੜ ਕੇ ਉਸ ਦਾ ਰਿਮਾਂਡ ਲੈ ਕੇ ਬਾਕਾਇਦਾ ਉਸ ਦਾ ਡੀ. ਐੱਨ. ਏ. ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਨੂੰ ਕੇਸ ਵਿਚ ਸ਼ਾਮਲ ਤਫ਼ਤੀਸ਼ ਕੀਤਾ ਗਿਆ।

ਸਵਾਲ : ਇਸ ਮਾਮਲੇ ਦੇ ਬਾਅਦ ਸ਼ਹਿਰ ਦੇ ਲੋਕਾਂ ਵਿਚ ਬੱਚਿਆਂ ਨੂੰ ਲੈ ਕੇ ਚਿੰਤਾ ਹੈ, ਤੁਸੀਂ ਕੀ ਕਹੋਗੇ?
ਜਵਾਬ :
ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਰੇਪ ਦੇ ਮਾਮਲੇ ਘੱਟ ਹੁੰਦੇ ਹਨ, ਇਸ ਲਈ ਇਹ ਗੈਂਗਰੇਪ ਦਾ ਮਾਮਲਾ ਕਾਫੀ ਅਹਿਮ ਸੀ। ਮਾਮਲਾ ਹੁਣ ਲਗਭਗ ਹੱਲ ਹੋ ਚੁੱਕਾ ਹੈ ਪਰ ਉਹ ਚਾਹੁੰਦੇ ਹਨ ਕਿ ਜਲੰਧਰ ਸ਼ਹਿਰ ਬਿਲਕੁਲ ਕ੍ਰਾਈਮ ਫ੍ਰੀ ਬਣੇ ਕਿਉਂਕਿ ਉਹ ਚਾਹੁੰਦੇ ਹਨ ਕਿ ਸ਼ਹਿਰ ਵਿਚ ਲੋਕ ਖਾਸ ਕਰਕੇ ਔਰਤਾਂ ਅਤੇ ਲੜਕੀਆਂ ਆਜ਼ਾਦੀ ਨਾਲ ਘੁੰਮ ਸਕਣ ਬਿਨਾਂ ਕਿਸੇ ਡਰ ਦੇ। ਬਾਕੀ ਗੱਲ ਰਹੀ ਮੁਲਜ਼ਮਾਂ ਦੀ ਤਾਂ ਉਨ੍ਹਾਂ ’ਤੇ ਪੁਲਸ ਦਾ ਡਰ ਹੋਣਾ ਬਿਲਕੁਲ ਜ਼ਰੂਰੀ ਹੈ।

ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ

ਸਵਾਲ : ਹੁਣ ਇਸ ਮਾਮਲੇ ਵਿਚ ਅੱਗੇ ਕੀ ਯੋਜਨਾ ਹੈ।
ਜਵਾਬ :
ਕੇਸ ਨੂੰ ਪੁਖਤਾ ਬਣਾਉਣਾ ਪਹਿਲ ਸੀ ਅਤੇ ਇਸ ਦੇ ਬਾਅਦ ਕੋਰਟ ਵਿਚ ਕੇਸ ਨੂੰ ਪਹੁੰਚਾਉਣਾ ਪਹਿਲਾ ਕੰਮ ਹੋ ਚੁੱਕਾ ਹੈ ਅਤੇ ਉਸ ਲਈ ਕੰਮ ਚੱਲ ਰਿਹਾ ਹੈ। ਆਮ ਤੌਰ ’ਤੇ ਰੇਪ ਕੇਸ ਵਿਚ ਚਲਾਨ ਪੇਸ਼ ਕਰਨ ਦਾ ਤੈਅ ਸਮਾਂ ਦੋ ਮਹੀਨੇ ਦਾ ਹੁੰਦਾ ਹੈ। ਅਗਲੇ 10 ਦਿਨਾਂ ਵਿਚ ਇਸ ਕੇਸ ਵਿਚ ਚਲਾਨ ਪੇਸ਼ ਕੀਤਾ ਜਾਵੇਗਾ ਤਾਂ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ। ਕ੍ਰਾਈਮ ਅਤੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਗੁਨਾਹ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਫਾਸਟ ਟਰੈਕ ਕੋਰਟ ਵਿਚ ਜਾ ਸਕਦਾ ਹੈ ਮਾਡਲ ਟਾਊਨ ਗੈਂਗਰੇਪ ਕੇਸ
ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਚਾਹੁੰਦੇ ਹਨ ਕਿ ਇਸ ਕੇਸ ਦੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਅਤੇ ਇਸ ਲਈ ਉਹ ਕੋਸ਼ਿਸ਼ ਕਰ ਰਹੇ ਹਨ। ਭੁੱਲਰ ਵੱਲੋਂ ਇਸ ਮਾਮਲੇ ਵਿਚ ਲੀਗਲ ਐਕਸਪਰਟਸ ਦੀ ਰਾਏ ਲਈ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਸ ਫਾਸਟ ਟਰੈਕ ਕੋਰਟ ਵਿਚ ਜਾਵੇ। ਕੁਝ ਦਿਨਾਂ ਵਿਚ ਹੀ ਮੁਲਜ਼ਮ ਫੜ ਲਏ ਗਏ ਅਤੇ ਹੁਣ ਚਲਾਨ ਪੇਸ਼ ਕਰਨ ਲਈ ਵੀ ਘੱਟ ਤੋਂ ਘੱਟ ਸਮਾਂ ਲਿਆ ਜਾ ਰਿਹਾ ਹੈ। ਜੇਕਰ ਇਹ ਕੇਸ ਫਾਸਟ ਟਰੈਕ ਕੋਰਟ ਵਿਚ ਜਾਂਦਾ ਹੈ ਤਾਂ ਸੰਭਵ ਹੈ ਕਿ ਇਸ ਦਾ ਫ਼ੈਸਲਾ ਵੀ ਜਲਦ ਹੋਵੇਗਾ ਅਤੇ ਮੁਲਜ਼ਮਾਂ ਨੂੰ ਸਜ਼ਾ ਵੀ ਜਲਦ ਮਿਲੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News