ਵਿੱਦਿਅਕ ਅਦਾਰੇ ਦੀ ਬੱਸ ਨਾਲ ਵਾਪਰਿਆ ਹਾਦਸਾ, ਸਕੂਟੀ ਸਵਾਰ ਕੁੜੀ ਦੀ ਮੌਤ
Monday, Nov 11, 2024 - 03:18 PM (IST)
ਖਰੜ (ਰਣਬੀਰ) : ਇੱਥੋਂ ਦੇ ਪਿੰਡ ਬਡਾਲਾ-ਨਿਆਂ ਸ਼ਹਿਰ ਨੇੜੇ ਇਕ ਨਿੱਜੀ ਵਿੱਦਿਅਕ ਸੰਸਥਾ ਨਾਲ ਸਬੰਧਿਤ ਬੱਸ ਦੀ ਟੱਕਰ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਇਕ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਹੈ। ਥਾਣਾ ਸਦਰ ਖਰੜ ਪੁਲਸ ਵਲੋਂ ਇਸ ਸਬੰਧੀ ਬੱਸ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਆਂਚਲ ਸ਼ਰਮਾ ਪੁੱਤਰੀ ਸੰਜੀਵ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਹਾਲ ਵਾਸੀ ਪਿੰਡ ਨਿਆਂ ਸ਼ਹਿਰ-ਬਡਾਲਾ ਖਰੜ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਆਪਣੀ ਸਹੇਲੀ (20) ਸਿਮਰਨ ਪੁੱਤਰੀ ਸਵ. ਜਸਵੰਤ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਨਾਲ ਇੱਥੇ ਰਹਿ ਰਹੀ ਸੀ। ਬੀਤੀ 4 ਤਾਰੀਖ਼ ਨੂੰ ਉਹ ਸ਼ਾਂਤੀ ਇਨਕਲੇਵ ਤੋਂ ਸਕੂਟਰੀ 'ਤੇ ਸਿਮਰਨ ਨਾਲ ਜਾ ਰਹੀ ਸੀ।
ਸਕੂਟੀ ਨੂੰ ਸਿਮਰਨ ਹੀ ਚਲਾ ਰਹੀ ਸੀ। ਜਿਵੇਂ ਹੀ ਉਹ ਤ੍ਰਿਪੜੀ ਰੋੜ ਵਾਲੇ ਪਾਸਿਓਂ ਖੇੜੀ ਚੌਂਕ ਖਰੜ ਵੱਲ ਜਾ ਰਹੀਆਂ ਸਨ ਤਾਂ ਪਿੱਛੋਂ ਆਈ ਇਕ ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਉਨ੍ਹਾਂ ਦੀ ਸਕੂਟਰੀ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਇਸ ਨਾਲ ਉਹ ਦੋਵੇਂ ਜਣੀਆਂ ਪੱਕੀ ਸੜਕ ਵਾਲੇ ਪਾਸੇ ਡਿੱਗ ਪਈਆਂ। ਸਿਮਰਨ ਦਾ ਸਿਰ ਜ਼ੋਰ ਨਾਲ ਸੜਕ 'ਤੇ ਵੱਜਣ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਹ ਦੇਖ ਕੇ ਉੱਥੇ ਲੋਕਾਂ ਦਾ ਕਾਫੀ ਇਕੱਠ ਹੋ ਗਿਆ। ਇਸੇ ਦੌਰਾਨ ਉਸ ਨੇ ਮੌਕੇ 'ਤੇ ਮੌਜੂਦ ਬੱਸ ਦਾ ਨੰਬਰ ਪੜ੍ਹਿਆ। ਮੌਕੇ 'ਤੇ ਮੌਜੂਦ ਡਰਾਈਵਰ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਵਾਸੀ ਚੋਲਟਾ ਖੁਰਦ ਦੱਸਿਆ।
ਇਸ ਪਿੱਛੋਂ ਬੱਸ ਚਾਲਕ ਉਸ ਨੂੰ ਅਤੇ ਸਿਮਰਨ ਦੋਹਾਂ ਨੂੰ ਬੱਸ 'ਚ ਪਾ ਕੇ ਸਿਵਲ ਹਸਪਤਾਲ ਫੇਜ਼-6 ਮੋਹਾਲੀ ਲੈ ਗਿਆ। ਇੱਥੋਂ ਆਂਚਲ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਪਿਛੋਂ ਡਿਸਚਾਰਜ ਕਰ ਦਿੱਤਾ ਗਿਆ, ਜਦੋਂ ਕਿ ਸਿਮਰਨ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਇੱਥੇ ਦੌਰਾਨੇ ਇਲਾਜ ਸਿਮਰਨ ਦੀ ਮੌਤ ਹੋ ਗਈ। ਇਹ ਹਾਦਸਾ ਉਕਤ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਸੀ। ਆਂਚਲ ਸ਼ਰਮਾ ਦੇ ਉਕਤ ਬਿਆਨਾਂ ਤਹਿਤ ਪੁਲਸ ਵਲੋਂ ਬੱਸ ਚਾਲਕ ਖ਼ਿਲਾਫ਼ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।