ਖੂਨੀ ਡੋਰ ਦੀ ਲਪੇਟ 'ਚ ਆਈ ਕੁੜੀ, ਲੜ ਰਹੀ ਜ਼ਿੰਦਗੀ ਤੇ ਮੌਤ ਦੀ ਲੜਾਈ
Saturday, Jan 21, 2023 - 03:30 AM (IST)

ਖੰਨਾ (ਬਿਪਨ) : ਦੋਰਾਹਾ ਵਿਖੇ ਚਾਈਨਾ ਡੋਰ ਨਾਲ ਗਲ਼ੇ ਦੀਆਂ ਨਸਾਂ ਕੱਟੀਆਂ ਜਾਣ ਕਰਕੇ ਇਕ ਗਰੀਬ ਪਰਿਵਾਰ ਦੀ ਲੜਕੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪਰਿਵਾਰ ਕੋਲ ਮਹਿੰਗਾ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ। ਲੜਕੀ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ (ਅਪੋਲੋ) ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ। ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਚਾਈਨਾ ਡੋਰ ਵੇਚਣ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਚਾਈਨਾ ਡੋਰ ਦਾ ਸ਼ਿਕਾਰ ਲੋਕਾਂ ਦੇ ਇਲਾਜ ਦੀ ਮੰਗ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਮੌਤ
ਜ਼ਖਮੀ ਹੋਈ ਲੜਕੀ ਸ਼ੁਭਨੀਤ ਕੌਰ ਪੜ੍ਹਾਈ ਦੇ ਨਾਲ-ਨਾਲ ਮੈਕਡਾਨਲਡ ਵਿਖੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਜਦੋਂ ਉਹ ਕੰਮ ਤੋਂ ਵਾਪਸ ਘਰ ਜਾ ਰਹੀ ਸੀ ਤਾਂ ਕੱਦੋ ਚੌਕ 'ਤੇ ਚਾਈਨਾ ਡੋਰ ਉਸ ਦੇ ਗਲ਼ੇ 'ਚ ਫਸ ਗਈ ਤੇ ਨਸਾਂ ਕੱਟੀਆਂ ਗਈਆਂ, ਜਿਸ ਨਾਲ ਉਸ ਦੀ ਜਾਨ ਖਤਰੇ 'ਚ ਪੈ ਗਈ। ਲੜਕੀ ਦੀ ਮਾਤਾ ਗੀਤਾ ਵਰਮਾ ਨੇ ਦੱਸਿਆ ਕਿ ਉਸ ਦੇ ਪਰਿਵਾਰ 'ਚ ਉਹ ਖੁਦ, ਉਸ ਦਾ ਲੜਕਾ ਅਤੇ ਲੜਕੀ ਤਿੰਨੋਂ ਕੰਮ ਕਰਦੇ ਹਨ ਤਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਸ ਦੀ ਲੜਕੀ ਮੈਕਡਾਨਲਡ ਤੋਂ ਕੰਮ ਖਤਮ ਕਰਕੇ ਵਾਪਸ ਆ ਰਹੀ ਸੀ ਤਾਂ ਰਸਤੇ 'ਚ ਚਾਈਨਾ ਡੋਰ ਨੇ ਉਸ ਦੇ ਗਲ਼ੇ ਦੀਆਂ ਨਸਾਂ ਕੱਟ ਦਿੱਤੀਆਂ। ਪਰਿਵਾਰ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ 'ਚ ਜ਼ਖਮੀ ਹੋਣ ਵਾਲੇ ਲੋਕਾਂ ਦਾ ਇਲਾਜ ਸਰਕਾਰ ਨੂੰ ਆਪਣੇ ਖਰਚੇ 'ਤੇ ਕਰਾਉਣਾ ਚਾਹੀਦਾ ਹੈ। ਸ਼ਹਿਰਵਾਸੀ ਹਰਮਿੰਦਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਕਰਕੇ ਪਰਿਵਾਰ ਕੋਲ ਮਹਿੰਗੇ ਇਲਾਜ ਲਈ ਪੈਸੇ ਨਹੀਂ ਹਨ।
ਇਹ ਵੀ ਪੜ੍ਹੋ : ਟੋਭੇ 'ਚ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ, ਕਾਲੋਨੀ ਵਾਸੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ
ਇਸ ਮਾਮਲੇ 'ਚ ਦੋਰਾਹਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਡੀਐੱਸਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਦੋਰਾਹਾ ਥਾਣਾ ਮੁਖੀ ਨੇੜੇ ਹੀ ਸੀ, ਜਿਨ੍ਹਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਇਸ ਸਬੰਧੀ ਪਤੰਗ ਉਡਾਉਣ ਅਤੇ ਡੋਰ ਵੇਚਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।