5 ਮਹੀਨੇ ਦੀ ਕੁੜੀ ਦੀ ਸਿਰ ’ਚ ਖੂੰਡਾ ਵੱਜਣ ਨਾਲ ਹੋਈ ਮੌਤ, ਪਿਓ ਤੇ ਦਾਦੀ ’ਤੇ ਮਾਮਲਾ ਦਰਜ

Tuesday, Feb 08, 2022 - 05:19 PM (IST)

5 ਮਹੀਨੇ ਦੀ ਕੁੜੀ ਦੀ  ਸਿਰ ’ਚ ਖੂੰਡਾ ਵੱਜਣ ਨਾਲ ਹੋਈ ਮੌਤ, ਪਿਓ ਤੇ ਦਾਦੀ ’ਤੇ ਮਾਮਲਾ ਦਰਜ

ਫਿਰੋਜ਼ਪੁਰ (ਆਨੰਦ) : ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਰਾਓਕੇ ਹਿਠਾੜ ਵਿਖੇ 5 ਮਹੀਨੇ ਦੀ ਲੜਕੀ ਦੇ ਸਿਰ ਵਿਚ ਖੂੰਡਾ ਮਾਰਨ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੇ ਸਬੰਧ ਵਿਚ ਪੁਲਸ ਨੇ ਮ੍ਰਿਤਕ ਪੰਜ ਸਾਲਾ ਕੁੜੀ ਦੇ ਪਿਤਾ ਅਤੇ ਦਾਦੀ ’ਤੇ 302, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਨਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਪਤਨੀ ਜੱਜ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਜੱਜ ਸਿੰਘ ਵਾਸੀ ਰਾਓ ਕੇ ਹਿਠਾੜ ਨਾਲ ਕਰੀਬ 5 ਸਾਲ ਪਹਿਲਾਂ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਜੱਜ ਸਿੰਘ ਆਪਣੀ ਦਾਦੀ ਸੱਸ ਨੀਫੋਂ ਦੇ ਘਰ ਰਹਿੰਦਾ ਸੀ ਤੇ ਜੱਜ ਸਿੰਘ ਤੇ ਉਸ ਦੀ ਦਾਦੀ ਸੱਸ ਨੀਫੋ ਅਕਸਰ ਹੀ ਉਸ ਨੂੰ ਦਾਜ ਦਹੇਜ ਖਾਤਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸੀ।

ਮਿਤੀ 7 ਫਰਵਰੀ 2022 ਨੂੰ ਉਸ ਦਾ ਘਰ ਵਾਲਾ ਜੱਜ ਸਿੰਘ ਤੇ ਦਾਦੀ ਸੱਸ ਨੀਫੋ ਦੇ ਘਰ ਵਿਚ ਹਾਜ਼ਰ ਸੀ ਤਾਂ ਉਹ ਆਪਣੀ 5 ਮਹੀਨੇ ਦੀ ਲੜਕੀ ਨੂੰ ਆਪਣੀ ਗੋਦ ਵਿਚ ਦੁੱਧ ਪਿਆ ਰਿਹਾ ਸੀ ਤਾਂ ਉਸ ਦੀ ਦਾਦੀ ਸੱਸ ਨੀਫੋ ਨੇ ਚਾਹ ਬਣਾਈ ਤਾਂ ਉਸ ਦੇ ਘਰ ਵਾਲੇ ਨੇ ਗਰਮ ਚਾਹ ਉਸ ਉਪਰ ਸੁੱਟ ਦਿੱਤੀ, ਜਿਸ ਨਾਲ ਉਸ ਦੀ ਗਰਦਨ ਦਾ ਮਾਸ ਜਲ ਗਿਆ ਤੇ ਉਸ ਨੇ ਜੱਜ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦਾਦੀ ਸੱਸ ਨੀਫੋ ਨੇ ਹੱਲਾ ਸ਼ੇਰੀ ਦਿੱਤੀ, ਜਿਸ ’ਤੇ ਉਸ ਦੇ ਘਰ ਵਾਲੇ ਨੇ ਘਰ ਵਿਚ ਪਿਆ ਖੂੰਡਾ ਚੁੱਕ ਕੇ ਮਾਰਿਆ ਜੋ ਉਸ ਦੀ 5 ਮਹੀਨੇ ਦੀ ਧੀ ਦੇ ਸਿਰ ਵਿਚ ਪਿੱਛੇ ਵੱਜਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News