ਕਾਰ ਨੇ ਸਕੂਟਰੀ ਸਵਾਰ ਕੁੜੀ ਨੂੰ ਮਾਰੀ ਜ਼ੋਰਦਾਰ ਟੱਕਰ, ਮੌਤ
Tuesday, Jul 19, 2022 - 05:58 PM (IST)
ਖਮਾਣੋਂ (ਅਰੋੜਾ) : ਖੇੜੀ ਨੌਧ ਸਿੰਘ ਪੁਲਸ ਨੇ ਇਕ ਕਾਰ ਚਾਲਕ ਖ਼ਿਲਾਫ ਸਕੂਟਰੀ ਚਾਲਕ ਲੜਕੀ ਨੂੰ ਟੱਕਰ ਮਾਰ ਕੇ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮੁੱਦਈ ਅਵਤਾਰ ਸਿੰਘ ਵਾਸੀ ਪਿੰਡ ਭੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਤਹਿਗੜ੍ਹ ਸਾਹਿਬ ਤੋਂ ਵਾਇਆਂ ਪਿੰਡ ਰਾਏਪੁਰ ਆਪਣੇ ਪਿੰਡ ਭੜੀ ਨੂੰ ਜਾ ਰਿਹਾ ਸੀ ਕਿ ਇਕ ਸਵਿੱਫਟ ਡਿਜ਼ਾਇਰ ਕਾਰ ਚਾਲਕ ਨੇ ਸਕੂਟਰੀ ਚਾਲਕ ਲੜਕੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਕਾਫੀ ਦੂਰ ਜਾ ਡਿੱਗੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ।
ਮਾਮਲੇ ਦੀ ਪੜਤਾਲ ਕਰਦੇ ਪੁਲਸ ਅਧਿਕਾਰੀ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੀ ਲੜਕੀ ਦੀ ਪਹਿਚਾਣ ਅਮਨਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਵਾਸੀ ਪਿੰਡ ਅਜਨੇਰ ਵਜੋਂ ਹੋਈ ਹੈ । ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਮਨਪ੍ਰੀਤ ਸਿੰਘ ਵਾਸੀ ਪਿੰਡ ਕੋਟਲਾ ਭੜੀ ਥਾਣਾ ਸਮਰਾਲਾ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।