ਭ੍ਰਿਸ਼ਟਾਚਾਰ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਜਿੰਪਾ ਦੇ ਤਿੱਖੇ ਨਿਸ਼ਾਨੇ (ਵੀਡੀਓ)

06/16/2022 11:04:03 PM

ਚੰਡੀਗੜ੍ਹ (ਬਿਊਰੋ) : ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ’ਚ ਹਨ। ਆਮ ਆਦਮੀ ਪਾਰਟੀ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਸੀਟ ਮੁੜ ਉਸ ਦੀ ਝੋਲੀ ’ਚ ਪਵੇ। ਇਸ ਸੀਟ ਨੂੰ ਲੈ ਕੇ ‘ਆਪ’ ਵਿਧਾਇਕ ਤੇ ਮੰਤਰੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ। ਇਸੇ ਦਰਮਿਆਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨਾਲ ਜਿੰਪਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਬੋਲਦਿਆਂ ਜਿੰਪਾ ਨੇ ਕਿਹਾ ਕਿ ਸੰਗਰੂਰ ਦੇ ਲੋਕ ਭਗਵੰਤ ਮਾਨ ਦੇ ਫ਼ੈਸਲਿਆਂ ’ਤੇ ਮੋਹਰ ਲਾਉਣ ਨੂੰ ਤਿਆਰ ਹਨ। ‘ਆਪ’ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਲੋਕਾਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦਾ ਹਲਕੇ ’ਚ ਵੱਕਾਰ ਬਣਿਆ ਹੋਇਆ ਹੈ। ਜਿੰਪਾ ਨੇ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੀ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ’ਚ ਕਤਲ

ਸਰਕਾਰ ਲੋਕਹਿੱਤ ’ਚ ਕੀਤੇ ਫ਼ੈਸਲਿਆਂ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਇਕ ਖ਼ੁਸ਼ਹਾਲ ਪੰਜਾਬ ਦੇਣਾ ਹੈ ਤੇ ਸਾਡਾ ਏਜੰਡਾ ਹੈ ਕਿ ਹਰੇਕ ਪੰਜਾਬੀ ਖ਼ੁਸ਼ਹਾਲ ਹੋਵੇ। ਇਸ ਦੌਰਾਨ ਵਿਰੋਧੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਲਾਅ ਆਰਡਰ ਨੂੰ ਲੈ ਕੇ ਚੁੱਕੇ ਜਾਂਦੇ ਸਵਾਲਾਂ ਕਿ ਤਿੰਨ ਮਹੀਨਿਆਂ ’ਚ ਪੰਜਾਬ ਦੀ ਕਾਨੂੰਨ-ਵਿਵਸਥਾ ਵਿਗੜ ਗਈ ਹੈ। ਜਿੰਪਾ ਨੇ ਕਿਹਾ ਕਿ ਪੰਜਾਬ ਨੂੰ ਪਿਛਲੇ 10-15 ਸਾਲਾਂ ’ਚ ਗੈਂਗਸਟਰ ਕਲਚਰ ਇਨ੍ਹਾਂ ਦੀ ਦੇਣ ਸੀ। ਇਨ੍ਹਾਂ ਗੈਂਗਸਟਰ ਕਲਚਰ ਨੂੰ ਪਾਲ਼ਿਆ-ਪੋਸਿਆ ਤੇ ਉਨ੍ਹਾਂ ਨੂੰ ਜੇਲ੍ਹਾਂ ’ਚ ਮੋਬਾਈਲ ਮੁਹੱਈਆ ਕਰਵਾਏ। ਗੈਂਗਸਟਰਾਂ ਦਾ ਆਪਣੇ ਸਿਆਸੀ ਹਿੱਤਾਂ ਲਈ ਫਾ਼ਇਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ’ਤੇ ਇਲਜ਼ਾਮ ਲਾ ਰਹੇ ਹਨ, ਜੋ ਨਿਡਰ, ਈਮਾਨਦਾਰ ਤੇ ਨਿਧੜਕ ਹਨ। ਜਿੰਪਾ ਨੇ ਕਿਹਾ ਕਿ ਇਹ ਲੋਕ ਆਮ ਆਦਮੀ ਪਾਰਟੀ ਦੀ ਈਮਾਨਦਾਰੀ ਤੋਂ ਪ੍ਰੇਸ਼ਾਨ ਹਨ ਕਿਉਂਕਿ ਇਹ ਆਪਸ ’ਚ ਮਿਲ ਕੇ ਸਰਕਾਰਾਂ ਚਲਾਉਂਦੇ ਆਏ ਹਨ। ਇਹ ਇਕ-ਦੂਜੇ ਦੇ ਰਾਜ ਦੌਰਾਨ ਇਕ-ਦੂਜੇ ਦੀ ਗੱਲ ਸੁਣਦੇ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਵੱਡਾ ਫੇਰਬਦਲ, ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ

ਇਨ੍ਹਾਂ ਨੇ ਦੇਖਿਆ ਕਿ ਹੁਣ ਉਹ ਸਿਸਟਮ ਤਾਂ ਨਹੀਂ ਰਿਹਾ, ਇਸ ਲਈ ਉਸ ਨੂੰ ਹੀ ਲਾਅ ਐਂਡ ਆਰਡਰ ਦੀ ਸਮੱਸਿਆ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਨੌਜਵਾਨ ਦੀ ਮੌਤ ਨੂੰ ਲੈ ਕੇ ਇਹ ‘ਲਾਅ ਐਂਡ ਆਰਡਰ’ ਦੀ ਸਮੱਸਿਆ ਦੱਸ ਰਹੇ ਹਨ, ਉਨ੍ਹਾਂ ਗੈਂਗਸਟਰਾਂ ਨੂੰ ਕਿਸ ਨੇ ਪਾਲਿਆ ਹੈ। ਇਹ ਜਵਾਬ ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦੇਣਾ ਚਾਹੀਦਾ ਹੈ ਤੇ ਇਹ ਜਵਾਬ ਸਾਡੇ ਤੋਂ ਮੰਗ ਰਹੇ ਹਨ। ਜਿੰਪਾ ਨੇ ਕਿਹਾ ਕਿ 1 ਹਜ਼ਾਰ ਤੋਂ ਵੱਧ ਮੋਬਾਈਲ ਜੇਲ੍ਹਾਂ ’ਚੋਂ ਬਰਾਮਦ ਹੋਏ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੇ ਵਿਅਕਤੀਆਂ ਨੂੰ ਪੰਜਾਬ ਲਿਆਂਦਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਸਿੱਧੂ ਮੂਸੇਵਾਲਾ ਦੇ ਘਰ ਗਏ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜੋ ਕਿਹਾ, ਉਹ ਕਰ ਰਹੇ ਹਨ। ਇਹ ਸਿਰਫ ਇਹ ਸਿਰਫ ਆਮ ਆਦਮੀ ਪਾਰਟੀ ਹੀ ਕਰ ਰਹੀ ਹੈ, ਜੇ ਕਾਂਗਰਸੀ ਅਤੇ ਅਕਾਲੀ ਹੁੰਦੇ ਤਾਂ ਇਹ ਇਨ੍ਹਾਂ ਦੇ ਬਸ ਦਾ ਰੋਗ ਨਹੀਂ ਸੀ। ਪਿਛਲੀਆਂ ਸਰਕਾਰਾਂ ’ਚ ਹੋਏ ਭ੍ਰਿਸ਼ਟਾਚਾਰ ਨੂੰ ਲੈ ਕੇ ਬੋਲਦਿਆਂ ਜਿੰਪਾ ਨੇ ਕਿਹਾ ਕਿ ਜਿਉਂ ਜਿਉਂ ਸਰਕਾਰ ਦੀ ਨਜ਼ਰ ’ਚ ਚੀਜ਼ਾਂ ਆ ਰਹੀਆਂ, ਤਿਉਂ ਤਿਉਂ ਖ਼ੁਲਾਸੇ ਹੋ ਰਹੇ ਹਨ। ਮਾਲ ਵਿਭਾਗ ’ਚ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਤੇ ਸਮੇਂ ਸਿਰ ਉਹ ਤੁਹਾਡੇ ਸਾਹਮਣੇ ਆ ਜਾਣਗੀਆਂ। ਲੋਕਾਂ ਦੇ ਖ਼ੂਨ-ਪਸੀਨੇ ਦਾ ਪੈਸਾ ਲੁੱਟਣ ’ਚ ਇਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਇਨ੍ਹਾਂ ਨੇ ਆਪਣਾ ਘਰ ਦਾ ਮਾਲ ਸਮਝ ਲਿਆ ਸੀ। ਉਸ ਮਾਲ ਨੂੰ ਕੱਢਣ ’ਚ ‘ਆਪ’ ਸਰਕਾਰ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਸਰਕਾਰ ਦੀ ਲਕਸ਼ਮਣ ਰੇਖਾ ਸਾਰਿਆਂ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਉਂਗਲੀ ’ਤੇ ਖ਼ੂਨ ਲਾ ਕੇ ਸ਼ਹੀਦ ਹੋਣ ਵਾਲਿਆਂ ’ਚੋਂ ਵੀ ਨਹੀਂ ਸਨ। ਇਹ ਸਰਕਾਰ ਕੱਟੜ ਈਮਾਨਦਾਰ ਹੈ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ 


Manoj

Content Editor

Related News