ਵਾਇਰਲ ਹੋ ਰਹੀ ਆਡੀਓ 'ਤੇ ਰਾਜਾ ਵੜਿੰਗ ਨੇ ਦਿੱਤੀ ਸਫਾਈ

10/16/2019 11:39:32 AM

ਗਿੱਦੜਬਾਹਾ (ਸੰਧਿਆ) - ਮੁੱਖ ਮੰਤਰੀ ਦੇ ਸਲਾਹਕਾਰ ਅਤੇ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਹਮੇਸ਼ਾ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਬੀਤੇ ਕੁਝ ਦਿਨਾਂ ਤੋਂ ਰਾਜਾ ਵੜਿੰਗ ਦੀ ਸੋਸ਼ਲ ਮੀਡੀਆ 'ਤੇ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਰਾਜਾ ਵੜਿੰਗ ਧਮਕੀਆਂ ਦੇ ਰਹੇ ਹਨ ਕਿ ਉਹ ਬਿੱਟੂ ਫੁੱਲਾਂ ਵਾਲਾ 'ਤੇ 307 ਦਾ ਮਾਮਲਾ ਦਰਜ ਕਰਵਾਉਣਗੇ। ਵਾਇਰਲ ਹੋਏ ਆਡੀਓ ਮੁਤਾਬਕ ਰਾਜਾ ਵੜਿੰਗ ਦੇ ਪੈਰਾਂ ਨੂੰ ਹੱਥ ਲਾ ਮੁਆਫੀ ਮੰਗ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਆਪਣੇ ਆਪ ਨੂੰ ਬਚਾ ਲਿਆ। ਕਾਂਗਰਸੀ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਕੌਂਸਲਰ ਨੂੰ ਇਹ ਮੁਆਫੀ ਰਾਜਾ ਵੜਿੰਗ ਦੇ ਘਰ ਲੈ ਜਾ ਕੇ ਮੰਗਵਾਈ ਹੈ। ਵੜਿੰਗ ਦੇ ਘਰ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਤੇ ਕਾਂਗਰਸੀ ਸਮਰਥਕਾਂ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਬੀਤੇ ਦਿਨੀਂ ਰਾਜਾ ਵੜਿੰਗ ਗਿੱਦੜਬਾਹਾ ਵਿਖੇ ਕਾਂਗਰਸੀ ਵਰਕਰਾਂ ਦੇ ਸੱਦੇ 'ਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ 'ਚ ਸ਼ਾਮਲ ਹੋਏ ਸਨ। ਮੌਕੇ 'ਤੇ ਮੌਜੂਦ ਲੋਕ ਜਦੋਂ ਉਨ੍ਹਾਂ ਨੂੰ ਆਪਣੇ ਗਲੀ ਮੁਹੱਲੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਣ ਲੱਗੇ ਤਾਂ ਅਕਾਲੀ ਕੌਂਸਲਰ ਦੇ ਪਤੀ ਸੰਦੀਪ ਕੁਮਾਰ ਬਿੱਟੂ, ਜਿਸ ਦੇ ਕਾਲੀਆਂ ਐਨਕਾਂ ਲੱਗੀਆਂ ਸਨ, ਵੀ ਆਪਣੀ ਗਲੀ ਦੀ ਮਾੜੀ ਹਾਲਤ ਬਾਰੇ ਦੱਸਣ ਲੱਗ ਪਏ। ਰਾਜਾ ਵੜਿੰਗ ਨੇ ਅਕਾਲੀ ਕੌਂਸਲਰ ਨੂੰ ਐਨਕ ਲਾਹ ਕੇ ਗੱਲ ਕਰਨ ਲਈ ਕਿਹਾ। ਉਸ ਨੇ ਐਨਕ ਨਹੀਂ ਲਾਹੀ ਤਾਂ ਵਿਧਾਇਕ ਹੋਰ ਖਫ਼ਾ ਹੋ ਗਏ ਤੇ ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨੇ ਸ਼ੋਭਾ ਯਾਤਰਾ ਦੀ ਸਮਾਪਤੀ ਤੋਂ ਬਾਅਦ ਬਿੱਟੂ ਫੁੱਲਾਂ ਵਾਲਾ ਨੂੰ ਥਾਣੇ ਬੰਦ ਕਰ ਦਿੱਤਾ।

ਕਾਂਗਰਸੀ ਵਰਕਰ ਪ੍ਰੇਮ ਕੁਮਾਰ ਨੇ ਵਿਧਾਇਕ ਨੂੰ ਫੋਨ ਕਰ ਕੇ ਬਿੱਟੂ ਨੂੰ ਛੁਡਵਾਉਣ ਦੀ ਬੇਨਤੀ ਕੀਤੀ ਤੇ ਉਸ ਦੀ ਗਲਤੀ ਲਈ ਆਪ ਮਾਫ਼ੀ ਮੰਗੀ। ਕਿਸੇ ਨੇ ਕਾਂਗਰਸੀ ਵਰਕਰ ਤੇ ਵਿਧਾਇਕ ਰਾਜਾ ਵੜਿੰਗ ਵਿਚਕਾਰ ਫੋਨ 'ਤੇ ਹੋਈ ਗੱਲਬਾਤ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਜਿਸ 'ਚ ਰਾਜਾ ਵੜਿੰਗ ਧਮਕੀਆਂ ਦੇ ਰਹੇ ਹਨ ਕਿ ਉਹ ਬਿੱਟੂ ਫੁੱਲਾਂ ਵਾਲਾ 'ਤੇ 307 ਦਾ ਮਾਮਲਾ ਦਰਜ ਕਰਵਾਉਣਗੇ। ਵਿਧਾਇਕ ਆਡੀਓ 'ਚ ਇਹ ਵੀ ਕਹਿੰਦੇ ਹਨ ਕਿ ਉਹ ਜਿਸ ਥੜ੍ਹੇ 'ਤੇ ਉਪਰ ਰੱਖ ਕੇ ਬਿੱਟੂ ਫੁੱਲ ਵੇਚਦਾ ਹੈ, ਢਾਹ ਦੇਣਗੇ। ਕਾਂਗਰਸੀ ਵਰਕਰ ਦੇ ਵਾਰ-ਵਾਰ ਮਿੰਨਤਾਂ ਕਰਨ 'ਤੇ ਵੜਿੰਗ ਬਿੱਟੂ ਨੂੰ ਥਾਣੇ 'ਚੋਂ ਛੁਡਵਾਉਣ ਲਈ ਇਸ ਸ਼ਰਤ 'ਤੇ ਮੰਨੇ ਕਿ ਉਹ ਸਵੇਰੇ ਬਿੱਟੂ ਨੂੰ ਰਾਜਾ ਵੜਿੰਗ ਦੀ ਕੋਠੀ ਲਿਆ ਕੇ ਮਾਫ਼ੀ ਮੰਗਵਾਉਣਗੇ।

PunjabKesari

ਰਾਜਾ ਵੜਿੰਗ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ : ਪ੍ਰੇਮ ਕੁਮਾਰ
ਪ੍ਰੇਮ ਕੁਮਾਰ ਨਾਂ ਦੇ ਵਿਅਕਤੀ ਨੇ ਗਿੱਦੜਬਾਹਾ ਦੇ ਥਾਣਾ ਮੁਖੀ ਨੂੰ ਅਰਜ਼ੀ ਦੇ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਆਵਾਜ਼ ਨੂੰ ਆਪਣੀ ਆਵਾਜ਼ ਨਾ ਦੱਸ ਕੇ ਕਿਸੇ ਹੋਰ ਵਲੋਂ ਕੀਤੀ ਛੇੜਛਾੜ ਦੱਸਿਆ ਹੈ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਕਤ ਵਿਅਕਤੀ ਨੇ ਕਿਹਾ ਹੈ ਕਿ ਰਾਜਾ ਵੜਿੰਗ ਨਾਲ ਉਨ੍ਹਾਂ ਦੀ ਫੋਨ 'ਤੇ ਕੋਈ ਗੱਲਬਾਤ ਬੀਤੇ ਦਿਨਾਂ ਦੌਰਾਨ ਹੋਈ ਹੀ ਨਹੀਂ।

PunjabKesari
ਮੈਨੂੰ ਬਦਨਾਮ ਕਰਨ ਲਈ ਅਕਾਲੀ ਦਲ ਨੇ ਰਚਿਆ ਡਰਾਮਾ : ਰਾਜਾ ਵੜਿੰਗ
ਪੱਕਤਕਾਰਾਂ ਨੂੰ ਵਾਇਰਲ ਆਡੀਓ 'ਤੇ ਸਫਾਈ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਵਾਇਰਲ ਆਡੀਓ ਵਿਚ ਨਾ ਤਾਂ ਪ੍ਰੇਮ ਦੀ ਆਵਾਜ਼ ਹੈ ਅਤੇ ਨਾ ਹੀ ਉਸਦੀ ਪ੍ਰੇਮ ਨਾਲ ਕੋਈ ਗੱਲਬਾਤ ਹੋਈ ਹੈ। ਇਹ ਸਭ ਮੈਨੂੰ ਬਦਨਾਮ ਕਰਨ ਲਈ ਅਕਾਲੀ ਦਲ ਵਲੋਂ ਰਚਿਆ ਡਰਾਮਾ ਹੈ। ਅਕਾਲੀ ਦਲ ਪਹਿਲਾਂ ਵੀ ਮੈਨੂੰ ਬਦਨਾਮ ਕਰਨ ਲਈ ਅਜਿਹੀਆਂ ਘਟੀਆ ਹਰਕਤਾਂ ਕਰ ਚੁੱਕਾ ਹੈ।


rajwinder kaur

Content Editor

Related News