ਸੁੱਤੇ ਪਏ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਕਤਲ
Wednesday, Mar 18, 2020 - 06:10 PM (IST)
 
            
            ਗਿੱਦੜਬਾਹਾ (ਚਾਵਲਾ, ਸੰਧਿਆ, ਕਟਾਰੀਆ) - ਗਿੱਦੜਬਾਹਾ ਦੇ ਆਦਰਸ਼ ਨਗਰ ’ਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਘਰ ’ਚ ਸੁੱਤੇ ਪਏ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਾਜੀਵ ਬਾਂਸਲ ਦੇ ਭਰਾ ਰਾਜੇਸ਼ ਬਾਂਸਲ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਰਾਜੀਵ ਬਾਂਸਲ ਪੁੱਤਰ ਪ੍ਰਸ਼ੋਤਮ ਬਾਂਸਲ ਉਕਤ ਗਲੀ ’ਚ ਆਪਣੀ ਪਤਨੀ ਵੀਨਾ ਰਾਣੀ ਅਤੇ 2 ਕੁੜੀਆਂ ਨਾਲ ਰਹਿੰਦਾ ਸੀ। ਗਿੱਦੜਬਾਹਾ ਦੇ ਹੁਸਨਰ ਚੌਕ ਵਿਖੇ ਉਸ ਦੀ ਮੋਬਾਇਲ ਦੀ ਦੁਕਾਨ ਹੈ, ਜਿਥੇ ਉਹ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਰਾਜੀਵ ਦੇ ਗੁਆਂਢੀਆਂ ਦਾ ਉਸ ਨੂੰ ਫੋਨ ਆਇਆ ਕਿ ਉਸਦੇ ਘਰ ਦਾ ਮੁੱਖ ਗੇਟ ਖੁੱਲ੍ਹਾ ਹੋਇਆ ਹੈ ਪਰ ਘਰ ਦੇ ਅੰਦਰੋਂ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਹੀਂ ਹੋ ਰਹੀ।
ਪੜ੍ਹੋ ਇਹ ਖਬਰ ਵੀ - ਹੈਵਾਨੀਅਤ : ਖਰੀਦਦਾਰ ਨਾ ਮਿਲਣ ਕਰਕੇ ਕਤਲ ਕਰ ਨਹਿਰ ’ਚ ਸੁੱਟ ਦਿੱਤਾ ਸੀ ਮਾਸੂਮ
ਫੋਨ ਸੁਣਦੇ ਸਾਰ ਉਹ ਉਸ ਦੇ ਘਰ ਆ ਗਏ ਅਤੇ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰਲੇ ਕਮਰੇ ’ਚ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਘਰ ਦੇ ਬਾਹਰੀ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ, ਜਦੋਂ ਉਨ੍ਹਾਂ ਗੁਆਂਢੀਆਂ ਦੀ ਮਦਦ ਨਾਲ ਉਕਤ ਕਮਰੇ ਦਾ ਤਾਲਾ ਤੋੜਿਆ ਤਾਂ ਦੇਖਿਆ ਕਿ ਰਾਜੀਵ ਬਾਂਸਲ ਕਮਰੇ ’ਚ ਪਏ ਬੈੱਡ ’ਤੇ ਮ੍ਰਿਤਕ ਹਾਲਤ ’ਚ ਪਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਕਾਤਲਾਂ ਨੇ ਉਸਦੇ ਚਿਹਰੇ ’ਤੇ ਪਲਾਸਟਿਕ ਦਾ ਲਿਫਾਫਾ ਚੜ੍ਹਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਕਮਰੇ ਦੇ ਖਿਲਰੇ ਹੋਏ ਸਾਮਾਨ ਨੂੰ ਦੇਖ ਕੇ ਅਜਿਹਾ ਲੱਗਦਾ ਜਿਵੇਂ ਰਾਜੀਵ ਬਾਂਸਲ ਅਤੇ ਕਾਤਲਾਂ ਦਰਮਿਆਨ ਹੱਥੋਪਾਈ ਹੋਈ ਹੋਵੇ। ਉਨ੍ਹਾਂ ਦੱਸਿਆ ਕਿ ਉਸਦਾ ਭਰਾ ਰਾਜੀਵ ਬਾਂਸਲ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਘਰ ਆਇਆ ਸੀ। ਬੀਤੀ ਰਾਤ ਉਸਦੀ ਪਤਨੀ ਵੀਨਾ ਰਾਣੀ ਆਪਣੀਆਂ ਦੋਵਾਂ ਕੁੜੀਆਂ ਨਾਲ ਰਿਸ਼ਤੇਦਾਰੀ ’ਚ ਡੱਬਵਾਲੀ ਵਿਖੇ ਗਈ ਹੋਈ ਸੀ ਅਤੇ ਰਾਤ ਦੇ ਸਮੇਂ ਰਾਜੀਵ ਬਾਂਸਲ ਇੱਕਲਾ ਘਰ ’ਚ ਮੌਜੂਦ ਸੀ।
ਪੜ੍ਹੋ ਇਹ ਖਬਰ ਵੀ - ਕਤਲ ਜਾਂ ਸੁਸਾਈਡ : ਸ਼ੱਕੀ ਹਾਲਤ 'ਚ ਇਕ 50 ਸਾਲਾ ਵਿਅਕਤੀ ਦੀ ਮਿਲੀ ਲਾਸ਼
ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ.) ਗੁਰਮੇਲ ਸਿੰਘ, ਗਿੱਦੜਬਾਹਾ ਦੇ ਡੀ. ਐੱਸ. ਪੀ. ਗੁਰਤੇਜ਼ ਸਿੰਘ ਸੰਧੂ, ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ, ਸੀ. ਆਈ. ਏ. ਇੰਚਾਰਜ ਕਰਨਦੀਪ ਸੰਧੂ ਅਤੇ ਫੋਰੈਂਸਿਕ ਮਾਹਿਰ ਟੀਮ ਦੇ ਜਸਵਿੰਦਰ ਸਿੰਘ ਏ. ਐੱਸ. ਆਈ. ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਐੱਸ. ਪੀ. ਗੁਰਤੇਜ਼ ਸਿੰਘ ਸੰਧੂ ਨੇ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ, ਫੋਰੈਂਸਿਕ ਮਾਹਿਰ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਗਲੀ ’ਚ ਲੱਗੇ ਸੀ. ਸੀ. ਟੀ. ਵੀਜ਼ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਖਬਰ ਵੀ - ਧਾਰੀਵਾਲ 'ਚ ਪੋਲਟਰੀ ਫਾਰਮ ਮਾਲਕ ਦਾ ਬੇਰਹਿਮੀ ਨਾਲ ਕਤਲ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            