ਮੈਂ SIT ਨੂੰ ਬਿਆਨ ਦੇਣ ਨਹੀਂ ਗਿਆ, ਅਧਿਕਾਰੀ ਖ਼ੁਦ ਸਮਾਂ ਲੈ ਕੇ ਮੇਰੇ ਕੋਲ ਆਏ: ਗਿਆਨੀ ਰਘਬੀਰ ਸਿੰਘ

Saturday, Jun 13, 2026 - 07:05 PM (IST)

ਮੈਂ SIT ਨੂੰ ਬਿਆਨ ਦੇਣ ਨਹੀਂ ਗਿਆ, ਅਧਿਕਾਰੀ ਖ਼ੁਦ ਸਮਾਂ ਲੈ ਕੇ ਮੇਰੇ ਕੋਲ ਆਏ: ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ (ਸਰਬਜੀਤ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਕ ਹੋਰ ਵੀਡੀਓ ਜਾਰੀ ਕਰਦਿਆਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਧਰਮ ਤੋਂ ਸੇਧ ਲੈ ਕੇ ਸਿਆਸਤ ਕਰਨੀ ਚਾਹੀਦੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਿੱਟ ਕੋਲ ਚੰਡੀਗੜ੍ਹ ਦਫਤਰ ਜਾ ਕੇ ਬਿਆਨ ਦਰਜ ਨਹੀਂ ਕਰਵਾਏ ਹਨ, ਬਲਕਿ ਐੱਸ.ਆਈ.ਟੀ. ਦੇ ਅਧਿਕਾਰੀ ਉਨ੍ਹਾਂ ਦੇ ਕੋਲ ਸਮਾਂ ਲੈ ਕੇ ਖੁਦ ਇਸ ਸਬੰਧੀ ਗੱਲ ਕਰਨ ਆਏ ਸਨ। 

ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਕੋਲ ਜਾ ਕੇ ਕੋਈ ਬਿਆਨ ਦਰਜ ਕਰਵਾਣੇ ਜਾਂ ਕੋਈ ਤੁਹਾਡੇ ਪਾਸ ਆ ਕੇ ਕਿਸੇ ਤਰ੍ਹਾਂ ਦੀ ਗੱਲ ਪੁੱਛੇ ਤਾਂ ਇਨ੍ਹਾਂ ਦੋਵਾਂ ਗੱਲਾਂ ਵਿਚ ਬਹੁਤ ਵੱਡਾ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਟ ਅਧਿਕਾਰੀਆਂ ਵੱਲੋਂ ਸਿਰਫ 2 ਦਸੰਬਰ 2024 ਵਿਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਾਰਟੀ ਆਗੂਆਂ ਕੋਲੋਂ ਪੁੱਛੇ ਗਏ ਸਵਾਲਾਂ ਬਾਰੇ ਹੀ ਜਾਣਕਾਰੀ ਹਾਸਲ ਕੀਤੀ ਹੈ ਨਾ ਕਿ 328 ਸਰੂਪਾਂ ਬਾਰੇ ਕੋਈ ਸਵਾਲ ਜਵਾਬ ਹੋਏ ਹਨ।

ਗਿਆਨੀ ਰਘਬੀਰ ਸਿੰਘ ਨੇ ਸਿੱਟ ਅਧਿਕਾਰੀਆਂ ਸਬੰਧੀ ਵੀ ਕਿਹਾ ਕਿ ਪਤਾ ਨਹੀਂ ਕਿਉਂ ਵਾਰ-ਵਾਰ ਇਹ ਇੱਕੋ ਹੀ ਸਵਾਲ ਪੁੱਛ ਰਹੇ ਹਨ ਕਿਉਂਕਿ ਪਿਛਲੇ ਸਮੇਂ ਬਠਿੰਡਾ ਵਿਖੇ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਇਹ ਖੁਦ ਜਾ ਕੇ ਇਸ ਸਬੰਧੀ ਪੁੱਛ ਪੜਤਾਲ ਕਰ ਚੁੱਕੇ ਹਨ, ਪਰ ਉਸ ਦੇ ਬਾਵਜੂਦ ਫਿਰ ਉਹੀ ਸਵਾਲਾਂ ਨੂੰ ਲੈ ਕੇ ਚਰਚਾ ਕਰਨੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਵਿਚ ਰਹਿ ਕੇ ਇਕੱਲੀ ਸਿਆਸਤ ਕਰਨੀ ਵੀ ਠੀਕ ਨਹੀਂ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਗਲਤ ਪ੍ਰਚਾਰ ਕਰਨ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦੀ ਕੀ ਮੰਸ਼ਾ ਹੈ ਇਹ ਉਹ ਹੀ ਜਾਣਦੇ ਹਨ।


author

Anmol Tagra

Content Editor

Related News