ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

Friday, May 21, 2021 - 10:43 PM (IST)

ਅੰਮ੍ਰਿਤਸਰ (ਅਨਜਾਣ) : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ’ਤੇ ਛੱਡਣ ਦੇ ਮਾਮਲੇ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਪੈਰੋਲ ’ਤੇ ਛੱਡਣਾ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਰਾਜਨੀਤਕ ਤੌਰ ’ਤੇ ਹੋ ਰਿਹਾ ਹੈ। ਸਰਕਾਰਾਂ ਹਮੇਸ਼ਾਂ ਸਿੱਖਾਂ ਨਾਲ ਅਨਿਆ ਕਰਦੀਆਂ ਆਈਆਂ ਹਨ। ਇਕ ਪਾਸੇ ਸਿੱਖ ਕੈਦੀ ਜੋ ਲੰਬੇ ਸਮੇਂ ਤੋਂ ਜ਼ੇਲ੍ਹਾਂ ’ਚ ਬੰਦ ਹਨ, ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਨ੍ਹਾਂ ਨੂੰ ਰਿਹਾਅ ਨਾ ਕਰਨਾ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਲੰਬੇ ਸਮੇਂ ਤੋਂ ਗਿ੍ਰਫ਼ਤਾਰ ਨਾ ਕਰਨਾ ਸਭ ਰਾਜਨੀਤਕ ਚਾਲਾਂ ਨੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬੁੜੈਲ ਜ਼ੇਲ੍ਹ ’ਚ ਨਜ਼ਰਬੰਦ ਸਿੱਖ ਕੈਦੀਆਂ ਨੂੰ ਕੋਰੋਨਾ ਹੋ ਜਾਣ ਕਾਰਣ ਉਨ੍ਹਾਂ ਨੂੰ ਨਾ ਤਾਂ ਰਿਹਾਅ ਕੀਤਾ ਗਿਆ ਅਤੇ ਨਾ ਹੀ ਪੈਰੋਲ ’ਤੇ ਛੱਡਿਆ ਗਿਆ ਜਦਕਿ ਦੂਸਰੇ ਪਾਸੇ ਗੁਰਮੀਤ ਰਾਮ ਰਹੀਮ ਸਿੰਘ ਜਿਹੜਾ ਬਹੁਤ ਵੱਡੇ ਘਿਨਾਉਣੇ ਅਪਰਾਧਾਂ ਅਧੀਨ ਸੁਨਾਰੀਆ ਜ਼ੇਲ੍ਹ’ਚ ਬੰਦ ਹੈ, ਨੂੰ ਪੈਰੋਲ ’ਤੇ ਛੱਡਣਾ ਸਿੱਖਾਂ ਦੇ ਹਿਰਦਿਆਂ ਨੂੰ ਅਸ਼ਾਂਤ ਕਰਨਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਸ਼ਾਂਤ ਰਹਿ ਸਕੇ। 

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਕੇਂਦਰ ਦਾ ਨਵਾਂ ਪਲਾਨ, 'ਯੰਗ ਵਾਰਿਅਰ' ਮੁਹਿੰਮ ਤਹਿਤ ਜੁੜਨਗੇ 50 ਲੱਖ ਨੌਜਵਾਨ 

ਦੱਸਣਯੋਗ ਹੈ ਕਿ ਜਬਰ ਜ਼ਿਨਾਹ ਦੇ ਮਾਮਲੇ ’ਚ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਨਾਰੀਆ ਜੇਲ੍ਹ 'ਚ ਬੰਦ ਰਾਮ ਰਹੀਮ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਉਸ ਨਾਲ ਪੁਲਸ ਦੀ ਟੀਮ ਮੌਜੂਦ ਰਹੇਗੀ। ਰਾਮ ਰਹੀਮ ਨੂੰ ਪੈਰੋਲ ਦੇ ਸਮੇਂ ਗੁਰੂਗ੍ਰਾਮ ’ਚ ਰੱਖਿਆ ਜਾਵੇਗਾ। ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਗੁਰੂਗ੍ਰਾਮ ਲਿਜਾਇਆ ਗਿਆ ਹੈ, ਜਿੱਥੇ ਉਸ ਦੀ ਬੀਮਾਰ ਮਾਂ ਵੀ ਮੌਜੂਦ ਹੈ। ਰਾਮ ਰਹੀਮ ਦੀ ਮਾਂ ਦਾ ਮੇਦਾਂਤਾ ਹਸਤਪਾਲ ਵਿਚ ਇਲਾਜ ਚੱਲ ਰਿਹਾ ਹੈ। ਪੈਰੋਲ ਦੌਰਾਨ ਰਾਮ ਰਹੀਮ ਆਪਣੀ ਮਾਂ ਦੇ ਨਾਲ ਰਹੇਗਾ। ਦੱਸ ਦੇਈਏ ਕਿ ਰਾਮ ਰਹੀਮ ਨੇ ਇਸ ਵਾਰ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ ਜਿਸ ਵਿਚ ਬੀਮਾਰ ਮਾਂ ਦੇ ਇਲਾਜ ਦਾ ਹਵਾਲਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਵਲਟੋਹਾ 'ਚ ਵੱਡੀ ਵਾਰਦਾਤ: ਨਿਹੰਗ ਸਿੰਘ ਵੱਲੋਂ ਸਿਰ 'ਚ ਦਾਤਰ ਮਾਰ ਕੇ ਨਿਹੰਗ ਸਿੰਘ ਦਾ ਕਤਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


 


 


Anuradha

Content Editor

Related News