ਹਡ਼੍ਹਾਂ ਨਾਲ ਹੋਈ ਤਬਾਹੀ ਦਾ ਸੱਚ ਸਾਹਮਣੇ ਲਿਆਂਦਾ ਜਾਵੇ : ਗਿਆਨੀ ਹਰਪ੍ਰੀਤ ਸਿੰਘ

Thursday, Aug 29, 2019 - 01:57 PM (IST)

ਹਡ਼੍ਹਾਂ ਨਾਲ ਹੋਈ ਤਬਾਹੀ ਦਾ ਸੱਚ ਸਾਹਮਣੇ ਲਿਆਂਦਾ ਜਾਵੇ : ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ (ਜ. ਬ.) : ਪੰਜਾਬ ’ਚ ਹਡ਼੍ਹਾਂ ਕਾਰਨ ਹਜ਼ਾਰਾਂ ਪਰਿਵਾਰਾਂ ਦਾ ਉਜਾਡ਼ਾ ਹੋਣ ਅਤੇ ਨੁਕਸਾਨ ਹੋਣ ਦੀਆਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੇ ਹਰ ਪੰਜਾਬੀ ਨੂੰ ਝੰਜੋਡ਼ ਕੇ ਰੱਖ ਦਿੱਤਾ ਹੈ। ਇਹ ਤਬਾਹੀ ਕੁਦਰਤੀ ਆਫ਼ਤ ਨਾਲ ਹੋਈ ਹੈ ਜਾਂ ਫਿਰ ਭਾਖਡ਼ਾ ਡੈਮ ਬੋਰਡ ਮੈਨੇਜਮੈਂਟ ਦੀ ਅਣਗਹਿਲੀ ਕਾਰਨ, ਇਹ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਰੱਖਣ ਦੀ ਲੋਡ਼ ਹੈ। ਉਕਤ ਪ੍ਰਗਟਾਵਾ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਭਾਖਡ਼ਾ ਡੈਮ ਬੋਰਡ ਮੈਨੇਜਮੈਂਟ ਦੀ ਭਰੋਸੇਯੋਗਤਾ ’ਤੇ ਜੋ ਸਵਾਲ ਉਠੇ ਹਨ, ਉਸ ਨੂੰ ਬਹਾਲ ਕਰਨਾ ਬੋਰਡ ਦੀ ਜ਼ਿੰਮੇਵਾਰੀ ਹੈ। ਹਡ਼੍ਹਾਂ ਨੂੰ ਲੈ ਕੇ ਹਰ ਪੰਜਾਬੀ ਦੇ ਮਨ ’ਚ ਇਕ ਸ਼ੱਕ ਉਭਰਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਤਰੀਕਾਂ ਨੂੰ ਡੈਮ ਤੋਂ ਪਾਣੀ ਛੱਡਣ ਕਰ ਕੇ ਪੰਜਾਬ ਦਾ ਇਕ ਹਿੱਸਾ ਹਡ਼੍ਹ ਦੀ ਮਾਰ ਹੇਠ ਆਉਂਦਾ ਹੈ, ਉਨ੍ਹਾਂ ਹੀ ਤਰੀਕਾਂ ’ਚ ਸੂਬੇ ਦਾ ਵੱਡਾ ਹਿੱਸਾ ਮਾਲਵਾ ਖੇਤਰ ’ਚ ਨਹਿਰੀ ਪਾਣੀ ਦੀ ਕਟੌਤੀ ਨਾਲ ਜੂਝ ਰਿਹਾ ਹੈ। ਭਾਖਡ਼ਾ ਲਾਈਨ ਨਹਿਰ, ਰਾਜਸਥਾਨ ਨੂੰ ਪਾਣੀ ਦੇਣ ਵਾਲੀਆਂ 2 ਗੰਗ ਨਦੀਆਂ ਸਮੇਤ ਮਾਲਵੇ ਦੀਆਂ ਅੱਧੀ ਦਰਜਨ ਪ੍ਰਮੁੱਖ ਵੱਡੀਆਂ ਨਹਿਰਾਂ ਬੰਦ ਰੱਖੀਆਂ ਜਾਂਦੀਆਂ ਹਨ। ਭਾਖਡ਼ਾ ਡੈਮ ਦੀ ਇਸ ਦੋਹਰੀ ਨੀਤੀ ’ਤੇ ਪੰਜਾਬ ਦੇ ਸਿਆਸਤਦਾਨਾਂ, ਇੰਜੀਨੀਅਰਾਂ ਤੇ ਆਮ ਲੋਕਾਂ ਵੱਲੋਂ ਜੋ ਸਵਾਲ ਉਠਾਏ ਜਾ ਰਹੇ ਹਨ, ਉਨ੍ਹਾਂ ਦਾ ਪੁਖਤਾ ਜਵਾਬ ਕੇਂਦਰ ਸਰਕਾਰ ਦੇਵੇ ਕਿਉਂਕਿ ਬੋਰਡ ਦੀ ਮੈਨੇਜਮੈਂਟ ਕੇਂਦਰ ਸਰਕਾਰ ਅਧੀਨ ਆਉਂਦੀ ਹੈ।


author

Anuradha

Content Editor

Related News