ਗੁਰੂ ਮਹਾਰਾਜ ਵੱਲੋਂ ਦਰਸਾਏ ਰਸਤਿਆਂ ''ਤੇ ਚੱਲਣਾ ਚਾਹੀਦੈ : ਗਿਆਨੀ ਗੁਰਬਚਨ ਸਿੰਘ

Tuesday, Jul 04, 2017 - 12:50 PM (IST)

ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ, ਯੋਗ ਅਗਵਾਈ ਅਤੇ ਉਨ੍ਹਾਂ ਦੇ ਉਪਰਾਲੇ ਸਦਕਾ ਮੀਰੀ-ਪੀਰੀ ਦਿਹਾੜਾ ਮਨਾਉਂਦਿਆਂ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗਤਕਾ ਮੁਕਾਬਲੇ ਕਰਵਾਏ ਗਏ। 
ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਿਸ਼ਾਹੀ ਛੇਵੀਂ ਜੀ ਦੇ ਦੀਵਾਨ ਹਾਲ ਵਿਖੇ ਗਤਕਾ ਮੁਕਾਬਲੇ ਕਰਵਾਉਣ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਕਰ ਕੇ ਕੀਤੀ ਗਈ। 
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦਿਵਸ ਮਨਾਉਂਦਿਆਂ ਕਰਵਾਏ ਗਏ ਗਤਕਾ ਮੁਕਾਬਲਿਆਂ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅੰਮ੍ਰਿਤਸਰ, ਸਾਹਿਬਜ਼ਾਦਾ ਫ਼ਤਹਿ ਸਿੰਘ ਗਤਕਾ ਅਖਾੜਾ ਜੰਡਿਆਲਾ ਗੁਰੂ, ਵਿਰਾਸਤੇ-ਏ-ਖ਼ਾਲਸਾ ਗਤਕਾ ਅਖਾੜਾ ਮੋਹਨਾ ਭੰਡਾਰੀਆ, ਸੰਤ ਬਾਬਾ ਮੰਗਲ ਸਿੰਘ ਗਤਕਾ ਅਖਾੜਾ ਖੁਰਮਨੀਆਂ, ਹਰਜੀਤ ਸਿੰਘ ਹੀਰਾ ਗਤਕਾ ਮਾਸਟਰ ਬਾਜ਼ਾਰ ਮੋਚੀਆਂ ਸ੍ਰੀ ਅੰਮ੍ਰਿਤਸਰ, ਸ਼ਹੀਦ ਬਾਬਾ ਫ਼ੌਜਾ ਸਿੰਘ ਗਤਕਾ ਅਖਾੜਾ ਸ੍ਰੀ ਅੰਮ੍ਰਿਤਸਰ, ਗਤਕਾ ਅਖਾੜਾ ਪੁਤਲੀਘਰ ਸ੍ਰੀ ਅੰਮ੍ਰਿਤਸਰ ਦੇ ਸਿੰਘਾਂ ਨੇ ਗਤਕਾ ਦੇ ਜੌਹਰ ਵਿਖਾ ਕੇ ਪੁੱਜੀਆਂ ਸੰਗਤਾਂ ਨੂੰ ਮੀਰੀ-ਪੀਰੀ ਵੱਲੋਂ ਬਖ਼ਸ਼ੇ ਸ਼ਸਤਰਾਂ ਸਬੰਧੀ ਸੰਬੋਧਨ ਕਰ ਕੇ ਜਾਣੂ ਕਰਵਾਇਆ। 
ਇਸ ਸਮੇਂ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਇਸ ਵਾਰ ਵੱਡੀ ਪੱਧਰ 'ਤੇ ਮੀਰੀ-ਪੀਰੀ ਦਿਵਸ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਜੀ ਦੇ ਇਸ ਪਵਿੱਤਰ ਦਿਹਾੜੇ ਸਬੰਧੀ ਜਾਗਰੂਕ ਹੋ ਕੇ ਜਿਥੇ ਸਿੱਖ ਨੌਜਵਾਨ ਬੱਚੇ-ਬੱਚੀਆਂ ਦਾ ਸ਼ਸਤਰ ਵਿੱਦਿਆ ਵੱਲ ਰੁਝਾਨ ਵਧੇਗਾ ਉਥੇ ਸਾਨੂੰ ਸਾਰਿਆਂ ਨੂੰ ਮੀਰੀ-ਪੀਰੀ ਦੇ ਸਿਧਾਂਤਾਂ ਅਤੇ ਗੁਰੂ ਮਹਾਰਾਜ ਵੱਲੋਂ ਦਰਸਾਏ ਰਸਤਿਆਂ 'ਤੇ ਚੱਲਦਿਆਂ ਨਸ਼ਿਆਂ, ਭਰੂਣ ਹੱਤਿਆ ਵਰਗੀਆਂ ਅਲਾਮਤਾਂ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਹੈ ਤੇ ਇਸ ਸਬੰਧੀ ਬਾਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੀਰੀ-ਪੀਰੀ ਦਿਵਸ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਰ ਉਤਸ਼ਾਹਤ ਨਾਲ ਇਹ ਦਿਹਾੜਾ ਮਨਾਇਆ ਜਾਵੇਗਾ।
ਇਸ ਦੌਰਾਨ ਗਤਕਾ ਦੇ ਜੌਹਰ ਵਿਖਾਉਣ ਵਾਲੀਆਂ ਟੀਮਾਂ ਦੇ ਮੁਖੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਬੀਬੀ ਕਿਰਨਜੋਤ ਕੌਰ, ਜਥੇ. ਬਾਵਾ ਸਿੰਘ ਗੁਮਾਨਪੁਰ, ਸ. ਮਗਵਿੰਦਰ ਸਿੰਘ ਖਾਪੜਖੇੜੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂ ਘੁੰਮਣ ਆਦਿ ਵੱਲੋਂ ਸਾਂਝੇ ਤੌਰ 'ਤੇ ਨਕਦ ਰਾਸ਼ੀ ਦਾ ਇਨਾਮ ਅਤੇ ਯਾਦਗਾਰੀ ਚਿੰਨ੍ਹ, ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਜਗਤਾਰ ਸਿੰਘ ਸ਼ਹੂਰਾ ਮੈਨੇਜਰ, ਸ. ਜਗੀਰ ਸਿੰਘ ਮੈਨੇਜਰ ਬਗਿਆੜੀ, ਗਿਆਨੀ ਹਰਦੀਪ ਸਿੰਘ ਹੈੱਡ ਗ੍ਰੰਥੀ ਗੁ. ਸ੍ਰੀ ਛੇਹਰਟਾ ਸਾਹਿਬ, ਪ੍ਰੋ. ਕੁਲਰਾਜ ਸਿੰਘ, ਮੁੱਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ, ਗਿ. ਸਵਰਨ ਸਿੰਘ ਪ੍ਰਚਾਰਕ, ਗਿ. ਖ਼ਜ਼ਾਨ ਸਿੰਘ ਪ੍ਰਚਾਰਕ, ਗਿ. ਸੁਖਵੰਤ ਸਿੰਘ ਪ੍ਰਚਾਰਕ, ਗਿ. ਇੰਦਰਜੀਤ ਸਿੰਘ ਪ੍ਰਚਾਰਕ, ਗਿ. ਮਲਕੀਤ ਸਿੰਘ ਪ੍ਰਚਾਰ, ਗਿ. ਤਰਸੇਮ ਸਿੰਘ ਪ੍ਰਚਾਰਕ, ਬੀਬੀ ਅਮਨਦੀਪ ਕੌਰ ਪ੍ਰਚਾਰ ਸਮੇਤ ਸਮੂਹ ਸਭਾ-ਸੁਸਾਇਟੀਆਂ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।


Related News