ਏਮਜ਼ ਦੇ ਮਾਮਲੇ ਵਿਚ ਚੁੱਪ ਰਹੇ ਕਮਲ ਸ਼ਰਮਾ, ਹੁਣ ਸੈਟੇਲਾਈਟ ਸੈਂਟਰ ਵਿਚ ਪਾ ਰਹੇ ਅੜਿੱਕਾ

Friday, Jun 29, 2018 - 01:28 AM (IST)

ਏਮਜ਼ ਦੇ ਮਾਮਲੇ ਵਿਚ ਚੁੱਪ ਰਹੇ ਕਮਲ ਸ਼ਰਮਾ, ਹੁਣ ਸੈਟੇਲਾਈਟ ਸੈਂਟਰ ਵਿਚ ਪਾ ਰਹੇ ਅੜਿੱਕਾ

ਪਿੰਕੀ ਨੇ ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਅਾਜ਼ਾਦ ਵਲੋਂ ਭੇਜੀ ਚਿੱਠੀ ਜਾਰੀ ਕੀਤੀ
ਫਿਰੋਜ਼ਪੁਰ(ਮਲਹੋਤਰਾ)-ਸ਼ਹੀਦਾਂ ਸ਼ਹਿਰ ਵਿਚ ਬਣਨ ਵਾਲੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਨੂੰ ਲੈ ਕੇ ਇਕ ਵਾਰ ਫਿਰ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਨੇ ਸੂਬੇ ਦੇ ਸਾਬਕਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਅਟਾਰੀ ਨੇ ਕਿਹਾ ਕਿ ਜੇਕਰ ਸ਼ਰਮਾ ਵਿਚ ਦਮ ਹੁੰਦਾ ਤਾਂ ਕੇਂਦਰ ਵਿਚ ਭਾਜਪਾ ਦੀ ਸਰਕਾਰ 2014 ਵਿਚ ਬਣੀ ਤੇ 2017 ਤੱਕ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋ਼ੜ ਦੀ ਸਰਕਾਰ ਸੀ ਤਾਂ ਉਦੋਂ ਤੁਸੀਂ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਲਈ ਕੀ ਕੀਤਾ? ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਤੋਂ ਆਈ ਟੀਮ ਜਿਸਦੀ ਅਗਵਾਈ ਡਾ. ਰਾਓ ਕਰ ਰਹੇ ਸਨ, ਨੇ ਸਪੱਸ਼ਟ ਤੌਰ ’ਤੇ ਆਪਣੀ ਰਿਪੋਰਟ ਵਿਚ ਸਰਕਾਰ ਨੂੰ ਇਹ ਦੱਸਿਆ ਸੀ ਕਿ ਆਈ.ਟੀ.ਆਈ. ਵਾਲੀ ਜ਼ਮੀਨ ’ਤੇ ਪੀ.ਜੀ.ਆਈ. ਸੈਂਟਰ ਨਹੀਂ ਬਣ ਸਕਦਾ ਕਿਉਂਕਿ ਏਰੀਏ ਦੇ ਹਿਸਾਬ ਨਾਲ ਵੀ ਇਹ ਜਗ੍ਹਾ ਪੂਰੀ ਨਹੀਂ ਹੈ ਤੇ ਨਾ ਹੀ ਇੱਥੇ ਡਾਕਟਰਾਂ ਤੇ ਸਟਾਫ ਦੇ ਰਿਹਾਇਸ਼ੀ ਕੁਆਟਰ ਬਣ ਸਕਦੇ ਹਨ, ਜਿਸ ਕਾਰਨ ਪੀ.ਜੀ.ਆਈ. ਸੈਟੇਲਾਈਟ ਸੈਂਟਰ ਇੱਥੇ ਨਹੀਂ ਬਣ ਸਕਦਾ। ਅਟਾਰੀ ਨੇ ਕਿਹਾ ਕਿ ਪੀ.ਜੀ.ਆਈ. ਇਕੱਲੇ ਫਿਰੋਜ਼ਪੁਰ ਦੇ ਲੋਕਾਂ ਲਈ ਨਹੀਂ ਬਣਨ ਜਾ ਰਿਹਾ, ਇੱਥੇ ਪੰਜਾਬ ਦੇ ਮਾਲਵਾ ਦੇ ਅੱਠ ਜ਼ਿਲਿਆਂ ਦੇ ਲੋਕਾਂ ਦਾ ਆਉਣਾ-ਜਾਣਾ ਰਹੇਗਾ। ਇਨ੍ਹਾਂ ਹੀ ਨਹੀਂ ਬੀ.ਐੱਸ.ਐੱਫ. ਤੇ ਸੈਨਾ ਦੇ ਮੁੱਖ ਦਫਤਰ ਵੀ ਹਨ, ਤੇ ਜੇਕਰ ਉਨ੍ਹਾਂ ਨੂੰ ਵੀ ਕਿਸੇ ਐਮਰਜੈਂਸੀ ਵਿਚ ਜ਼ਰੂਰਤ ਪੈਂਦੀ ਹੈ ਤਾਂ ਪੀ.ਜੀ.ਆਈ. ਸੈਟੇਲਾਈਟ ਸੈਂਟਰ ਲਾਭਦਾਇਕ ਸਾਬਤ ਹੋਵੇਗਾ।
 ਸਾਬਕਾ ਕੇਂਦਰੀ ਸਿਹਤ ਮੰਤਰੀ ਅਾਜ਼ਾਦ ਨੇ ਲਿਖੀ ਸੀ ਸਾਬਕਾ ਰੱਖਿਆ ਮੰਤਰੀ ਐਂਟਨੀ ਨੂੰ ਚਿੱਠੀ : ਪਿੰਕੀ
 ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਨੂੰ ਲੈ ਕੇ ਪਿਛਲੇ ਛੇ ਸਾਲ ਦੌਰਾਨ ਕੁਝ ਨਾ ਕਰ ਪਾਉਣ ਦੇ ਦੋਸ਼ਾਂ ’ਚ ਘਿਰੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਹੁਣ ਸਬੂਤਾਂ ਦੇ ਅਧਾਰ ’ਤੇ ਘੇਰਾ ਪਾਉਂਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਝੂਠ ਦੇ ਕੋਈ ਪੈਰ ਨਹੀਂ ਹੁੰਦੇ। ਪੰਜਾਬੀ ਦੀ ਇਕ ਕਹਾਵਤ ਹੈ ਕਿ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ। ਉਨ੍ਹਾਂ ਕਿਹਾ ਕਿ ਇਹ ਲਓ ਸ਼ਰਮਾ ਜੀ, ਤੁਸੀਂ ਵੀ ਚਿੱਠੀ ਪਡ਼੍ਹ ਲਵੋ ਤੇ ਸ਼ਹੀਦਾਂ ਦੇ ਸ਼ਹਿਰ ਦੇ ਲੱਖਾਂ ਲੋਕ ਵੀ ਇਸ ਚਿੱਠੀ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਲੈਣ। ਪਿੰਕੀ ਨੇ ਸਾਬਕਾ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਅਾਜ਼ਾਦ ਦੁਆਰਾ ਸਾਬਕਾ ਕੇਂਦਰੀ ਰੱਖਿਆ ਮੰਤਰੀ ਏ.ਕੇ. ਐਂਟਨੀ ਨੂੰ 10 ਅਪ੍ਰੈਲ 2013 ਨੂੰ ਭੇਜੀ ਗਈ ਚਿੱਠੀ ਡੀ.ਓ. ਨੰ. ਵੀ-17020/10/2013-ਐੱਮ.ਈ.-2  ਦੀ ਕਾਪੀ ਜਗ ਬਾਣੀ ਨੂੰ ਦਿੱਤੀ ਹੈ, ਜਿਸ ’ਚ ਅਾਜ਼ਾਦ ਨੇ  ਫਿਰੋਜ਼ਪੁਰ ਵਿਚ 100 ਬੈਡ ਵਾਲਾ ਪੋਸਟ ਗ੍ਰੈਜੂਏਟ ਫਾਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸਥਾਪਤ ਕਰਨ ਲਈ ਉਨ੍ਹਾਂ ਨੂੰ ਡਿਫੈਂਸ ਲੈਂਡ ਪੀ.ਜੀ.ਆਈ. ਪ੍ਰਸ਼ਾਸਨ ਚੰਡੀਗਡ਼੍ਹ ਟਰਾਂਸਫਰ ਕਰਨ ਦੀ ਗੱਲ ਕਹੀ ਹੈ ਤੇ ਨਾਲ ਹੀ ਲਿਖਿਆ ਹੈ ਕਿ ਇਹ ਮੰਗ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਉਨ੍ਹਾਂ ਕੋਲ ਲੈ ਕੇ ਆਏ ਹਨ, ਜਿਸ ਨਾਲ ਇਲਾਕੇ ’ਚ ਸਿਹਤ ਸਹੂਲਤਾਂ ਦਾ ਵਾਧਾ ਹੋ ਸਕੇ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਜਿਆਦਾ ਤੋਂ ਜਿਆਦਾ ਲਾਭ ਮਿਲ ਸਕੇ।
  ਜੋ ਜ਼ਮੀਨ ਨਹੀਂ ਦੇ ਸਕੇ, ਸੈਂਟਰ ਕੀ ਬਣਵਾਉਣਗੇ
 
ਪਿੰਕੀ ਨੇ ਕਿਹਾ ਕਿ ਉਹ ਵੀ ਪੀ.ਜੀ.ਆਈ. ਸੈਟੇਲਾਈਟ ਸੈਂਟਰ ਵਿਧਾਨ ਸਭਾ ਖੇਤਰ ਫਿਰੋਜ਼ਪੁਰ ਸ਼ਹਿਰੀ ਵਿਚ ਬਣਾਉਣ ਲਈ ਤਿਆਰ ਸਨ, ਪਰ ਕਮਲ ਸ਼ਰਮਾ ਜੀ ਆਪਣੀ ਸਰਕਾਰ ਦੌਰਾਨ ਸ਼ਹਿਰੀ ਖੇਤਰ ’ਚ 25 ਕਿਲੇ ਜ਼ਮੀਨ ਹੀ ਨਹੀਂ ਦੁਆ ਪਾਏ। ਜੇਕਰ ਉਹ ਵਾਕਈ ਸ਼ਹਿਰ ਵਿਚ ਸੈਂਟਰ ਬਣਵਾਉਣ ਲਈ ਸੰਜੀਦਾ ਹੁੰਦੇ ਤਾਂ ਤੁਰੰਤ ਜ਼ਮੀਨ ਉਪਲਬਧ ਕਰਵਾਉਂਦੇ।
 ਪਿੰਕੀ ਨੇ ਕਿਹਾ ਕਿ ਕਮਲ ਸ਼ਰਮਾ ਨੂੰ ਦੂਜੀ ਗੱਲ ਉਹ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜੇਕਰ ਉਹ ਫਿਰੋਜ਼ਪੁਰ ਦੇ ਵਿਕਾਸ ਲਈ ਸੰਜੀਦਾ ਹਨ ਤਾਂ ਏਮਜ਼ ਸੈਂਟਰ ਫਿਰੋਜ਼ਪੁਰ ਦੇ ਲਈ ਕਿਉਂ ਨਹੀਂ ਮੰਜੂਰ ਕਰਵਾਇਆ ਅਤੇ ਅਕਾਲੀ ਦਲ ਦੇ ਹੱਥਾਂ ’ਚ ਖੇਡਦੇ ਹੋਏ ਇਹ ਸੈਂਟਰ ਬਠਿੰਡਾ ਵਿਚ ਮੰਜੂਰ ਕਰਵਾ ਦਿੱਤਾ। ਐੱਮਜ਼ ਦੇ ਮਾਮਲੇ ’ਚ ਉਹ ਪੰਜਾਬ ਪ੍ਰਧਾਨ ਹੁੰਦੇ ਹੋਏ ਇਕ ਵਾਰ ਵੀ ਗੱਲ ਨਹੀਂ ਕਰ ਪਾਏ ਤੇ ਹੁਣ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਮੰਜੂਰੀ ਵਿਚ ਰੋਡ਼ੇ ਅਟਕਾ ਰਹੇ ਹਨ। ਪਿੰਕੀ ਨੇ ਕਿਹਾ ਕਿ ਸਾਡੀ ਸਰਕਾਰ ਹੁੰਦੀ ਤਾਂ ਮੈਂ ਏਮਜ਼ ਵੀ ਇਥੇ ਲੈ ਆਉਂਦਾ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਸੈਟੇਲਾਈਟ ਸੈਂਟਰ ਫਿਰੋਜ਼ਪੁਰ ਵਿਚ ਹੀ ਬਣੇਗਾ ਤੇ ਸ਼ਹੀਦਾਂ ਦੇ ਸ਼ਹਿਰ ਦੇ ਲੋਕਾਂ ਲਈ ਹੀ ਬਣੇਗਾ।


Related News