ਮੋਟਰਸਾਈਕਲਾਂ ਦੀ ਟੱਕਰ ''ਚ 2 ਨੌਜਵਾਨਾਂ ਦੀ ਮੌਤ, 2 ਜ਼ਖਮੀ

06/24/2019 3:57:18 PM

ਘਨੌਰ (ਅਲੀ) : ਬੀਤੀ ਰਾਤ ਘਨੌਰ ਤੋਂ ਅੰਬਾਲਾ ਰੋਡ 'ਤੇ ਪਿੰਡ ਲੋਹਸਿੰਬਲੀ ਵਿਖੇ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਨਾਲ 2 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮੋਟਰਸਾਈਕਲ ਪਿੱਛੇ ਬੈਠੇ 2 ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। 

ਮਿਲੀ ਜਾਣਕਾਰੀ ਅਨੁਸਾਰ ਅਭਿਮਨਿਊ (20) ਪੁੱਤਰ ਭਾਗ ਸਿੰਘ ਵਾਸੀ ਪੰਜੌਲਾ, ਗੁਰਜੰਟ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਲੋਟਾ ਪਿੰਡ ਜਮੀਤਗੜ੍ਹ ਤੋਂ ਮੈਚ ਖੇਡਣ ਉਪਰੰਤ ਮੋਟਰਸਾਈਕਲ 'ਤੇ ਆਪਣੇ ਪਿੰਡ ਵਾਪਸ ਜਾ ਰਹੇ ਸਨ। ਪਿੰਡ ਲੋਹਸਿੰਬਲੀ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਅੱਗੇ ਤੋਂ ਆਉਂਦੇ ਮੋਟਰਸਾਈਕਲ ਹੀਰੋ ਹਾਂਡਾ 'ਤੇ ਸਵਾਰ ਜਾਗਰ ਸਿੰਘ ਪੁੱਤਰ ਮਾਮ ਰਾਜ ਵਾਸੀ ਦੜਵਾ ਅਤੇ ਉਸ ਦੇ ਪਿੱਛੇ ਬੈਠਾ ਦਲਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਦੜਵਾ ਨਾਲ ਟਕਰਾਅ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਏ। ਜਾਗਰ ਸਿੰਘ ਪੁੱਤਰ ਮਾਮ ਰਾਜ ਵਾਸੀ ਦੜਵਾ ਅਤੇ ਅਭਿਮਨਿਊ ਪੁੱਤਰ ਭਾਗ ਸਿੰਘ ਵਾਸੀ ਪੰਜੋਲਾ ਦੀ ਮੌਕੇ 'ਤੇ ਮੌਤ ਹੋ ਗਈ। ਦਲਜੀਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਜ਼ਖਮੀ ਹਾਲਤ ਵਿਚ ਰਾਹਗੀਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਅੰਬਾਲਾ ਵਿਖੇ ਦਾਖਲ ਕਰਵਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News