ਅੰਮ੍ਰਿਤਸਰ: ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਮਾਪਤ ਹੋਇਆ 'ਘੱਲੂਘਾਰਾ ਦਿਵਸ', ਦੀਪ ਸਿੱਧੂ ਨੇ ਵੀ ਕੀਤੀ ਸ਼ਿਰਕਤ
Sunday, Jun 06, 2021 - 06:20 PM (IST)
ਅੰਮ੍ਰਿਤਸਰ (ਸਰਬਜੀਤ,ਅਣਜਾਣ )- ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਜਥਿਆਂ ਨੇ ਅੰਮ੍ਰਿਤ ਮਈ ਬਾਣੀ ਦਾ ਕੀਰਤਨ ਕੀਤਾ ਅਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ। ਇਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਸਮਾਗਮ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੌਮ ਦੇ ਨਾਮ ਸੰਦੇਸ਼ ਪੜ੍ਹਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਨੌਜਵਾਨਾਂ ਅਤੇ ਸਿੱਖ ਬੀਬੀਆਂ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਦੌਰਾਨ ਪਾਲੀਵੁੱਡ ਦੇ ਮਸ਼ਹੂਰ ਗਾਇਕ ਦੀਪ ਸਿੱਧੂ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਘੱਲੂਘਾਰਾ ਸਮਾਗਮ 'ਚ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤ ਕੀਤੀ ਗਈ ਸੀ।
ਇਸ ਦੌਰਾਨ ਭਾਵੇਂ ਗਰਮਖਿਆਲੀਆਂ ਨੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਜੰਮ ਕੇ ਕੀਤੀ ਪਰ ਇਸ ਸਭ ਦੇ ਬਾਵਜੂਦ ਇਹ ਸਮਾਗਮ ਅਮਨ ਅਮਾਨ ਨਾਲ ਸੰਪੰਨ ਹੋ ਗਿਆ। ਇਸ ਮੌਕੇ ਇਕ ਪਾਸੇ ਜਿੱਥੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਖ਼ਾਲਿਸਤਾਨ ਬਣਾਉਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਕੌਮ ਦੇ ਨਾਮ ਉਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੰਦੇਸ਼ ਵੀ ਪੜ੍ਹਿਆ ਗਿਆ।
ਉੱਥੇ ਹੀ ਸਿਮਰਨਜੀਤ ਸਿੰਘ ਮਾਨ ਅਤੇ ਸਰਬੱਤ ਖ਼ਾਲਸਾ 2015 ਵਿਚ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਵੀ ਸ਼ਹੀਦੀ ਯਾਦਗਾਰ ਵਿਖੇ ਕੌਮ ਦੇ ਨਾਂ ਤੇ ਸੰਦੇਸ਼ ਪੜ੍ਹਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਈ ਜਰਨੈਲ ਸਿੰਘ ਪੰਜਾਬ ਤੋਂ ਇਲਾਵਾ ਹਾਜ਼ਰ ਸਨ।
ਸਿੱਖ ਕੌਮ ਦੇ ਨਾਂ ਇਹ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼
ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ 1984 ਵਿੱਚ ਸਮੇਂ ਦੀ ਹਕੂਮਤ ਦੇ ਕਹਿਣ ‘ਤੇ ਭਾਰਤੀ ਫੌਜਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ ਠੀਕ ਉਸੇ ਤਰ੍ਹਾਂ ਸਲੂਕ ਕੀਤਾ ਜਿਵੇਂ 1962 ਵਿੱਚ ਚੀਨ ਉਤੇ ਹਮਲਾ ਕਰਕੇ, 1965 ਅਤੇ 1971 ਵਿੱਚ ਪਾਕਿਸਤਾਨ ‘ਤੇ ਹਮਲਾ ਕਰਕੇ ਕੀਤਾ। ਠੀਕ ਉਸੇ ਤਰ੍ਹਾਂ ਜਿਵੇਂ ਇਕ ਮੁਲਕ ਦੀਆਂ ਫੌਜਾਂ ਦੂਜੇ ਮੁਲਕ ਵਿੱਚ ਜਾ ਕੇ ਓਥੋਂ ਦੇ ਬਾਸ਼ਿੰਦਿਆਂ ਨਾਲ ਕਰਦੀਆਂ ਨੇ। ਭਾਰਤੀ ਫੌਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਔਰਤਾਂ ਅਤੇ ਬੱਚਿਆਂ ‘ਤੇ ਵੀ ਤਰਸ ਨਾ ਖਾਧਾ ਅਤੇ ਉਨ੍ਹਾਂ ਨੂੰ ਆਪਣੀਆਂ ਗੋਲੀਆਂ ਨਾਲ ਛੱਲਣੀ-ਛੱਲਣੀ ਕਰ ਦਿੱਤਾ। ਇਸ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗੋਲੇ ਦਾਗ ਕੇ ਢਹਿ ਢੇਰੀ ਕਰ ਦਿੱਤਾ ਗਿਆ। ਇਥੇ ਹੀ ਬੱਸ ਨਹੀਂ ਇਹ ਹਮਲਾ 37 ਹੋਰ ਗੁਰਧਾਮਾਂ ‘ਤੇ ਵੀ ਹੋਇਆ ਅਤੇ ਓਥੇ ਵੀ ਸੰਗਤਾਂ ਨੇ ਸ਼ਹੀਦੀਆਂ ਪਾਈਆਂ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸੁਤੰਤਰ ਪ੍ਰਭੂਸਤਾ ਦਾ ਪ੍ਰਤੀਕ ਹੈ। ਅੱਜ ਲੋੜ ਹੈ ਆਪਣੇ-ਆਪਣੇ ਮੱਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠੇ ਹੋਈਏ। ਉਨ੍ਹਾਂ ਕਿਹਾ ਸਾਡੇ ਸਿਆਸੀ ਮੱਤਭੇਦ ਤਾਂ ਹੋ ਸਕਦੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖਾਲਸਾ ਦੀਵਾਨ, ਟਕਸਾਲਾਂ, ਸਿੰਘ ਸਭਾਵਾਂ ਅਤੇ ਜਥੇਬੰਦੀਆਂ ਇਕੋ ਝੰਡੇ ਥੱਲੇ ਇਕੱਠਿਆਂ ਰਹਿਣ ਅਤੇ ਇਨ੍ਹਾਂ ਨੂੰ ਕਦਾਚਿੱਤ ਵੀ ਵਿਸਾਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਸਿੱਖ ਕੌਮ ਦੀ ਤਾਕਤ ਹਨ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਮੀਡੀਆ ਇਸ ਦਿਨ ਨੂੰ 1984 ਦੇ ਘੱਲੂਘਾਰੇ ਦੇ ਨਾਮ ‘ਤੇ ਲਿਖੇ। ਇਹ ਨਸਲਕੁਸ਼ੀ ਇਕ ਜੂਨ ਤੋਂ ਹੀ ਦਿੱਲੀ, ਟਾਟਾ ਤੇ ਕਾਨ੍ਹਪੁਰ ਦੀਆਂ ਸੜਕਾਂ ‘ਤੇ ਹੋਣੀ ਸ਼ੁਰੂ ਹੋ ਗਈ ਸੀ ਫਿਰ ਵੀ ਜਰਵਾਣਿਆਂ ਨੇ ਗੁਰੂ ਸਾਹਿਬ ਵੱਲੋਂ ਬਖਸ਼ੀ ਸਮਰੱਥਾ ਮੁਤਾਬਕ ਭਾਰਤੀ ਫੌਜਾਂ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਮਸਜ਼ਿਦ ਢਾਹ ਕੇ ਮੰਦਿਰ ਬਣਾ ਦਿੱਤਾ ਕੋਈ ਆਵਾਜ਼ ਨਹੀਂ ਉੱਠੀ, ਧਾਰਾ 370 ਖ਼ਤਮ ਕਰ ਦਿੱਤੀ ਕੋਈ ਆਵਾਜ਼ ਨਹੀਂ ਉੱਠੀ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਯੂ. ਪੀ. ‘ਚ ਇਕ ਸਿੱਖ ਦੀ ਕੁੱਟਮਾਰ ਕੀਤੀ ਭਾਰਤ ਕੀ, ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੇ ਸਿੱਖਾਂ ਨੇ ਆਵਾਜ਼ ਉਠਾਈ। ਇਹ ਸਾਡੇ ਜ਼ਿੰਦਾ ਹੋਣ ਦਾ ਸਬੂਤ ਹੈ ਕਿ ਅਸੀਂ ਡੋਲਦੇ ਨਹੀਂ ਅਤੇ ਜ਼ੁਲਮ ਖ਼ਿਲਾਫ਼ ਹਮੇਸ਼ਾਂ ਇਕੱਠੇ ਹੋ ਕੇ ਲੜਦੇ ਹਾਂ, ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹਨ।
‘ਘੱਲੂਘਾਰਾ’ ਦਿਵਸ ਨੂੰ ‘ਖ਼ਾਲਿਸਤਾਨ ਡੇ’ ਵੀ ਸਦਿਆ ਕਰੀਏ : ਸਿਮਰਨਜੀਤ ਸਿੰਘ ਮਾਨ
ਸਮਾਗਮ ਉਪਰੰਤ ਜਦੋਂ ਹਾਲੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਆਪਣਾ ਸੰਦੇਸ਼ ਪੜ੍ਹਨਾ ਸ਼ੁਰੂ ਹੀ ਕੀਤਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ ਸਿੱਖ ਯੂਥ ਪਾਵਰ ਆਫ਼ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ, ਸਰਬੱਤ ਖ਼ਾਲਸਾ ਅਤੇ ਹੋਰ ਜਥੇਬੰਦੀਆਂ ਵੱਲੋਂ ਤਲਵਾਰਾਂ ਲਹਿਰਾ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1984 ਵਿੱਚ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਗੁਰਧਾਮਾਂ ‘ਤੇ ਹਮਲਾ ਕਰ ਦਿੱਤਾ ਸੀ ਪਰ ਸਾਡੇ ਜੁਝਾਡੂਆਂ ਨੇ ਜਿਵੇਂ ਅਹਿਮਦਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਓਵੇਂ 72 ਘੰਟੇ ਦੁਨੀਆਂ ਦੀਆਂ ਤਿੰਨ ਮੰਨੀਆਂ ਫੌਜਾਂ ਦਾ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੀ ਆਜ਼ਾਦੀ ਦੀ ਪਹਿਲੀ ਲੜਾਈ ਸੀ। ਇਸ ਦਿਨ ਨੂੰ ਘੱਲੂਘਾਰਾ ਦਿਵਸ ਕਹਿਣ ਦੇ ਨਾਲ-ਨਾਲ ‘ਖ਼ਾਲਿਸਤਾਨ ਡੇਅ’ ਵੀ ਕਿਹਾ ਜਾਣਾ ਚਾਹੀਦਾ ਹੈ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਉਣ ਵਾਲੇ ਬਾਦਲ, ਟੌਹੜਾ ਅਤੇ ਤਲਵੰਡੀ ਤਿੰਨੋ ਨੇ ਤੇ ਇਨ੍ਹਾਂ ਨੇ ਹੀ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਨਰਸਿੰਮ੍ਹਾ ਰਾਓ ਨੂੰ ਜਾ ਕੇ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਓ। ਉਨ੍ਹਾਂ ਕਿਹਾ ਕਿ ਅਸੀਂ ਵੋਟਾਂ ਪਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚੀਫ਼ ਮਨਿਸਟਰ ਬਣਾਇਆ, ਸੁਰਜੀਤ ਸਿੰਘ ਬਰਨਾਲਾ ਨੂੰ ਵੀ ਬਣਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਣਾਇਆ ਪਰ ਹਾਲੇ ਤੱਕ ਕਿਸੇ ਨੇ ਵੀ ਇਨਸਾਫ਼ ਨਹੀਂ ਦਿੱਤਾ। ਉਨ੍ਹਾਂ ਖ਼ਾਲਿਸਤਾਨ ਦਾ ਨਕਸ਼ਾ ਦੱਸਦਿਆਂ ਕਿਹਾ ਕਿ ਪੰਜਾਬ, ਹਿਮਾਚਲ, ਰਾਜਿਸਥਾਨ, ਹਰਿਆਣਾ, ਕੱਛ, ਚੰਡੀਗੜ੍ਹ, ਗੁਜਰਾਤ, ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਅਤੇ ਕਾਮਰੇਡ ਚੀਨ ਸਭ ਖਾਲਿਸਤਾਨ ਦੇ ਹਿੱਸੇ ਹੋਣਗੇ।
ਡੀ. ਸੀ. ਪੀ. ਭੰਡਾਲ ਦੀ ਅਗਵਾਈ ‘ਚ ਭਾਰੀ ਪੁਲਸ ਫੋਰਸ ਤਾਇਨਾਤ
ਜਿੱਥੇ ਘੱਲੂਘਾਰਾ ਸਮਾਮਗ ਮਨਾਉਣ ਲਈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਸ਼੍ਰੋਮਣੀ ਕਮੇਟੀ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਓਥੇ ਡੀ. ਸੀ. ਪੀ. ਲਾਅ ਐਂਡ ਆਰਡਰ ਪ੍ਰਮਿੰਦਰ ਸਿੰਘ ਭੰਡਾਲ ਦੀ ਅਗਵਾਈ ‘ਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਪੂਰੇ ਸ਼ਹਿਰ ‘ਚ ਪੰਜ ਹਜ਼ਾਰ ਦੇ ਕਰੀਬ ਵੱਖ-ਵੱਖ ਏਜੰਸੀਆਂ ਦੇ ਪੁਲਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਸਨ। ਸੁਰੱਖਿਆ ਮੁਲਾਜ਼ਮ ਸਮੇਤ 1 ਆਈ. ਜੀ., 1 ਡੀ. ਸੀ. ਪੀ. , 25 ਐੱਸ. ਪੀ. ਅਤੇ 30 ਤੋਂ ਵੱਧ ਡੀ. ਐੱਸ. ਪੀ . ਰੈਂਕ ਦੇ ਅਧਿਕਾਰੀ ਬੀਤੇ ਦਿਨਾਂ ਤੋਂ ਇਸ ਸਮਾਗਮ 'ਚ ਸੁਰੱਖਿਆ ਡਿਊਟੀ 'ਤੇ ਲਗੇ ਹੋਏ ਸਨ।
ਇਥੇ ਇਹ ਕਹਿਣਾ ਬਣਦਾ ਹੈ ਕਿ ਪੁਲਸ ਵੱਲੋਂ ਤਕਰੀਬਨ ਇਕ ਹਫ਼ਤਾ ਪਹਿਲਾਂ ਹੀ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਮੁਸ਼ਤੈਦੀ ਨਾਲ ਨਿਭਾਈ ਜਾ ਰਹੀ ਸੀ। ਇਸ ਮੌਕੇ ਪੁਲਸ ਵੱਲੋਂ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ।ਇਥੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਨੂੰ ਪਹਿਲੀ ਵਾਰ ਵੇਖ ਰਹੇ ਕਰ ਰਹੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਲਈ ਭਾਵੇਂ ਇਹ ਨਵਾਂ ਤਜਰਬਾ ਸੀ ਪਰ ਉਨ੍ਹਾਂ ਦੇ ਸ੍ਰੀ ਦਰਬਾਰ ਸਮੂਹ ਦੇ ਅੰਦਰ ਕੀਤੇ ਸਖ਼ਤ ਤੇ ਸੁਚੱਜੇ ਸੁਰੱਖਿਆ ਪ੍ਰਬੰਧਾਂ ਕਾਰਨ ਇਹ ਪ੍ਰੋਗਰਾਮ ਬੀਤੇ ਵਰ੍ਹਿਆਂ ਦੇ ਮੁਕਾਬਲੇ ਅਮਨ ਸ਼ਾਂਤੀ ਨਾਲ ਮਨਾਇਆ ਗਿਆ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ