ਘੱਗਰ ਦਾ ਸੰਤਾਪ : ਹੜ੍ਹਾਂ ਦੇ ਝੰਬੇ ਲੋਕਾਂ ਲਈ ਮੁਸੀਬਤਾਂ ਦੇ ਖੜ੍ਹੇ ਹੋਏ ਪਹਾੜ, ਆਪ ਮੁਹਾਰੇ ਵਗ ਰਹੇ ਅੱਖਾਂ ’ਚੋਂ ਹੰਝੂ

07/31/2023 6:30:07 PM

ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ) : ਘੱਗਰ ਦੇ ਪਾਣੀ ਦਾ ਪੱਧਰ ਹੇਠਾਂ ਆਉਣ ’ਤੇ ਹੜ੍ਹਾਂ ਦੀ ਮਾਰ ਦੇ ਝੰਬੇ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਅਤੇ ਮਕਾਨ ਡਿੱਗਣ ਕਾਰਨ ਉਨ੍ਹਾਂ ਲਈ ਮੁਸੀਬਤਾਂ ਦੇ ਵੱਡੇ ਪਹਾੜ ਖੜ੍ਹੇ ਹੋਣ ਲੱਗੇ ਹਨ। ਹੜ੍ਹਾਂ ਦੇ ਪਾਣੀ ਨੇ ਵੱਡੀ ਤਬਾਹੀ ਮਚਾ ਕੇ ਉਨ੍ਹਾਂ ਦੇ ਦਿਲਾਂ ’ਚ ਅਰਮਾਨਾਂ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਉਨ੍ਹਾਂ ਦਾ ਮੁੜ ਆਪਣੇ ਘਰਾਂ ਵਿਚ ਪਹਿਲਾਂ ਵਾਂਗ ਵਸੇਬਾ ਹੋਣਾ ਮੁਸ਼ਕਿਲ ਜਾਪ ਰਿਹਾ ਹੈ। ਉਨ੍ਹਾਂ ਦੀਆਂ ਅੱਖਾਂ ਵਿਚ ਉਜਾੜੇ ਦੇ ਅੱਥਰੂ ਵੀ ਆਪ ਮੁਹਾਰੇ ਹੜ੍ਹਾਂ ਵਾਂਗ ਛਲਕਣ ਲੱਗ ਰਹੇ ਹਨ। ਉਨ੍ਹਾਂ ਦੇ ਘਰਾਂ ਦੀਆਂ ਤਰੇੜਾਂ ਉਨ੍ਹਾਂ ਦੇ ਸੀਨੇ ਨੂੰ ਚੀਰ ਰਹੀਆਂ ਹਨ। ਕਈਆਂ ਦੇ ਅਰਮਾਨਾਂ ਨੂੰ ਡਿੱਗੇ ਮਕਾਨਾਂ ਨੇ ਚਕਨਾਚੂਰ ਕਰ ਦਿੱਤਾ ਹੈ। ਉਨ੍ਹਾਂ ਦੀ ਤ੍ਰਾਸਦੀ ਇਹ ਹੈ ਕਿ ਉਹ ਨਾ ਕਿਸੇ ਘਰ ਦੇ ਰਹੇ ਤੇ ਨਾ ਘਾਟ ਦੇ। ਉਨ੍ਹਾਂ ਦੀਆਂ ਜ਼ਮੀਨਾਂ ਨੂੰ ਹੜ੍ਹਾਂ ਦੇ ਤੇਜ਼ ਵਹਿਣਾਂ ਨੇ ਛਲਣੀ ਕਰ ਦਿੱਤਾ ਹੈ। ਇਸ ਵੇਲੇ ਉਨ੍ਹਾਂ ਦੀ ਦੁੱਖ ਦੀ ਘੜੀ ਵਿਚ ਕੋਈ ਬਾਂਹ ਨਹੀਂ ਫੜਨ ਵਾਲਾ। ਉਹ ਰੱਬ ਅੱਗੇ ਅਰਜੋਈਆਂ ਕਰ ਰਹੇ ਹਨ ਕਿ ਹਾਲੇ ਵੀ ਰੱਬਾ ਖੈਰ ਕਰੀਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਪੁੱਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਸੁਣ ਹੋਵੋਗੇ ਹੈਰਾਨ

PunjabKesari

ਇਸ ਇਲਾਕੇ ਦੇ ਪਿੰਡਾਂ ਦੇ ਲੋਕ ਮੁੜ ਆਪਣੇ ਕਾਰੋਬਾਰ ਚਲਾਉਣ ਦੀ ਕੋਈ ਆਸ ਨਹੀਂ। ਉਹ ਆਪਣੇ ਸੀਨੇ ’ਚ ਇਸ ਉਜਾੜੇ ਦੀ ਪੀੜਾਂ ਲੈ ਕੇ ਆਪਣੇ ਬੱਚਿਆਂ ਦੇ ਵਿਦਿਅਕ ਭਵਿੱਖ ਬਣਾਉਣ ਤੋਂ ਅਸਮਰਥ ਹੋ ਚੁੱਕੇ ਹਨ। ਉਨ੍ਹਾਂ ਦੇ ਘਰਾਂ ’ਚ ਪਿਆ ਬਾਕੀ ਘਰੇਲੂ ਸਾਮਾਨ ਵੀ ਹੜ੍ਹਾਂ ’ਚ ਰੁੜ੍ਹ ਕੇ ਜ਼ਮੀਨਾਂ ’ਚ ਧਸ ਗਿਆ। ਕਈਆਂ ਦਾ ਹੜ੍ਹਾਂ ਦੀ ਤਬਾਹੀ ਕਾਰਨ ਆਰਥਿਕ ਪੱਖੋਂ ਲੱਕ ਟੁੱਟ ਗਿਆ ਹੈ। ਉਨ੍ਹਾਂ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਆਪਣੇ ਢਹਿ-ਢੇਰੀ ਹੋਏ ਮਕਾਨ ਖੜ੍ਹੇ ਕਰਨੇ ਸੰਭਵ ਨਹੀਂ। ਲੋਕਾਂ ਦੇ ਬਚੇ-ਖੁਚੇ ਮਕਾਨਾਂ ’ਚ ਗਾਰ ਅਤੇ ਹੜ੍ਹਾਂ ਦਾ ਗੰਦਾ ਪਾਣੀ ਬਦਬੂ ਦਾ ਘਰ ਬਣ ਕੇ ਰਹਿ ਗਏ ਹਨ। ਉਨ੍ਹਾਂ ਨੂੰ ਇਸ ਦੁੱਖ ਦੀਆਂ ਘੜੀਆਂ ’ਚ ਇਹ ਸਮਝ ਨਹੀਂ ਆ ਰਿਹਾ ਕਿ ਉਹ ਆਪਣੇ ਘਰਾਂ ’ਚ ਖੜ੍ਹਾ ਪਾਣੀ ਅਤੇ ਗਾਰ ਕਿੱਥੇ ਕੱਢ ਕੇ ਬਾਹਰ ਸੁੱਟਣ। ਭਾਵੇਂ ਕਿ ਉਹ ਆਪਣੇ ਚੁੱਲ੍ਹਿਆਂ ’ਚ ਮੁੜ ਅੱਗ ਬਾਲਣ ਲਈ ਉਤਾਵਲੇ ਹਨ। ਇਸ ਇਲਾਕੇ ਦੇ ਪਿੰਡਾਂ ਵਿਚ ਇਕ ਡੰਗ ਕਮਾਉਣ ਅਤੇ ਇਕ ਡੰਗ ਖਾਣ ਵਾਲਿਆਂ ਦੀ ਹਾਲਤ ਕਾਫੀ ਤਰਸਯੋਗ ਬਣ ਗਈ ਹੈ। ਉਨ੍ਹਾਂ ਦਾ ਖਾਲੀ ਹੱਥ ਮੁੜ ਆਪਣੀ ਧਰਤੀ ਵੱਸਣ ਦੀਆਂ ਉਮੀਦਾਂ ਨਹੀਂ।

ਇਹ ਵੀ ਪੜ੍ਹੋ : ਨਸ਼ੇ ਦੀ ਲੋਰ ’ਚ ਵੱਡਾ ਕਾਂਡ ਕਰ ਗਿਆ ਨਸ਼ੇੜੀ, ਪੀ. ਆਰ. ਟੀ. ਸੀ. ਬਸ ਹੀ ਕਰ ਲਈ ਚੋਰੀ

PunjabKesari

ਇਸ ਇਲਾਕੇ ਦੇ ਪ੍ਰਭਾਵਿਤ ਕਿਸਾਨਾਂ ਦੀਆਂ ਫਸਲਾਂ ਅਤੇ ਜ਼ਮੀਨਾਂ ਤਬਾਹ ਹੋ ਚੁੱਕੀਆਂ ਹਨ ਅਤੇ ਮਹਿੰਗੇ ਭਾਅ ਦੇ ਬੋਰਵੈਲ ਅਤੇ ਟਿਊਬਵੈਲ ਵੀ ਧਰਤੀ ’ਚ ਧਸਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹੜ੍ਹਾਂ ਦੀ ਮਾਰ ’ਚ ਜ਼ਮੀਨਾਂ ’ਤੇ ਮੁੜ ਫਸਲਾਂ ਉਗਣ ਜਾਂ ਬੀਜਣ ਲਈ ਕਾਫੀ ਜੋਖਮ ਹੰਢਾਉਣਾ ਪਵੇਗਾ। ਉਨ੍ਹਾਂ ਦੇ ਮਨਾਂ ’ਚ ਬਾਰਿਸ਼ਾਂ ਦੇ ਦੌਰ ’ਚ ਮੁੜ ਹੜ੍ਹ ਆਉਣ ਦਾ ਡਰ ਅਤੇ ਸਹਿਮ ਖੜ੍ਹਾ ਹੈ। ਇਨ੍ਹਾਂ ਹੜ੍ਹਾਂ ਕਾਰਨ ਤਬਾਹ ਹੋਏ ਲੋਕ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੇ ਹਨ ਕਿ ਉਨ੍ਹਾਂ ਨੂੰ ਮੁੜ ਵਸੇਵੇ ਲਈ ਕਦੋਂ ਕੋਈ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੁੱਖ ਦੀ ਘੜੀ ’ਚ ਸਰਕਾਰ ਨੂੰ ਪੀੜਤ ਲੋਕਾਂ ਦੀ ਨੇੜੇ ਹੋ ਕੇ ਬਾਂਹ ਫੜਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਐਕਟਿਵ ਹੋਵੇਗਾ ਮਾਨਸੂਨ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

PunjabKesari

ਹੜ੍ਹਾਂ ਦੀ ਮਾਰ ਨੂੰ ਮੁੱਖ ਰੱਖਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਜਿਹੇ ਲੋਕਾਂ ਨਾਲ ਖੜ੍ਹੀ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਲਦੀ ਹੀ ਗਿਰਦਾਵਰੀ ਕਰਵਾ ਕੇ ਤਬਾਹ ਹੋਈ ਫਸਲ ਅਤੇ ਡਿੱਗੇ ਘਰਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਚਾਓ ਕਾਰਜਾਂ ਵਿਚ ਆਪਣਾ ਮੁੱਢਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਤਹਿਤ ਜਿੱਥੇ ਪਿੰਡਾਂ ਵਿਚ ਪਾਣੀ ਕੱਢਣ ਲਈ ਪ੍ਰਬੰਧ ਕੀਤੇ ਹੋਏ ਹਨ ਉਥੇ ਹੀ ਸੰਭਾਵੀ ਬਿਮਾਰੀਆਂ ਫੈਲਣ ਦੇ ਡਰੋਂ ਸਿਹਤ ਵਿਭਾਗ ਵਲੋਂ ਕੈਂਪ ਜਾਰੀ ਹਨ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

PunjabKesari

ਉਧਰ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਸਥਿਤੀ ਵਿਚ ਸਰਦੂਲਗੜ੍ਹ ਹਲਕੇ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਆਪਣੇ ਵਲੋਂ ਲੋਕਾਂ ਦੇ ਸੇਵਾ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਨ੍ਹਾਂ ਦੋਸ਼ ਲਾਇਆ ਕਿ ਜੇ ਸਮੇਂ ਤੋਂ ਪਹਿਲਾਂ ਸੰਭਾਵੀ ਹੜ੍ਹ ਰੋਕੂ ਪ੍ਰਬੰਧ ਕਰ ਲਏ ਜਾਂਦੇ ਤਾਂ ਅੱਜ ਲੋਕਾਂ ਦਾ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਬਚ ਜਾਂਦਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਝੂਠੇ ਦਾਅਵੇ ਹੀ ਲੋਕਾਂ ਨੂੰ ਲੈ ਡੁੱਬੇ, ਜਿਸ ਦੀ ਭਰਪਾਈ ਲਈ ਕਈ ਸਾਲ ਲੱਗ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਨਾਂ ਦੇਰੀ ਬਰਬਾਦ ਹੋਈਆਂ ਫਸਲਾਂ, ਡਿੱਗੇ ਘਰਾਂ ਅਤੇ ਘਰਾਂ ਵਿਚ ਆਈਆਂ ਤਰੇੜਾਂ ਦਾ ਤੁਰੰਤ ਮੁਆਵਜ਼ਾ ਦੇਵੇ। ਉਨ੍ਹਾਂ ਨੇ ਅੱਜ ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਪਹੁੰਚ ਕੇ ਸਰਨਾਰਥੀ ਕੈਂਪਾਂ ’ਚ ਬੇਠੇ ਲੋਕਾਂ ਦੀ ਸÇਥਿਤੀ ਦਾ ਜਾਇਜ਼ਾ ਲਿਆ। ਜਿੰਨ੍ਹਾਂ ਲੋਕਾਂ ਦੇ ਘਰ ਖਹਿ ਗਏ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਦੀ ਜਾ ਕੇ ਸੁਣੀਆਂ ਅਤੇ ਵਿਸਵਾਸ਼ ਦਿੱਤਾ ਕਿ ਉਹ ਸਰਕਾਰ ਦੇ ਕੰਨਾਂ ਤੱਕ ਗੱਲ ਜਰੂਰ ਪਹੁੰਚਾਉਣਗੇ।

ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News