ਘੱਗਰ ਦੇ ਕਹਿਰ ਕਾਰਣ ਸਰਦੂਲਗੜ੍ਹ ’ਚ ਅਨੇਕਾਂ ਘਰਾਂ ’ਚ ਆਈਆਂ ਤਰੇੜਾਂ

Friday, Jul 28, 2023 - 01:12 PM (IST)

ਘੱਗਰ ਦੇ ਕਹਿਰ ਕਾਰਣ ਸਰਦੂਲਗੜ੍ਹ ’ਚ ਅਨੇਕਾਂ ਘਰਾਂ ’ਚ ਆਈਆਂ ਤਰੇੜਾਂ

ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ) : ਹਲਕਾ ਸਰਦੂਲਗੜ੍ਹ ਵਿਚ ਘੱਗਰ ਦੇ ਪਾਣੀ ਨੇ ਮਚਾਈ ਤਬਾਹੀ ਤੋਂ ਬਾਅਦ ਹੁਣ ਧੁੱਪ ਨਿਕਲਣ ਤੇ ਵੱਡੀ ਗਿਣਤੀ ਵਿਚ ਘਰਾਂ ਵਿਚ ਤਰੇੜਾਂ ਆ ਜਾਣ ’ਤੇ ਲੋਕ ਹੁਣ ਆਪਣੇ ਘਰਾਂ ਵਿਚ ਰਹਿਣ ਤੋਂ ਡਰ ਰਹੇ ਹਨ ਕਿਉਂਕਿ ਕਿਸੇ ਵੀ ਸਮੇਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਭਾਵੇਂ ਪਾਣੀ ਦਿਨ-ਬ-ਦਿਨ ਘੱਟ ਰਿਹਾ ਹੈ ਪਰ ਮੁੜ ਪੈ ਰਹੀਆਂ ਬਾਰਿਸ਼ਾਂ ਨੇ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ ਕਿ ਹਿਮਾਚਲ ਦੇ ਨਾਲ-ਨਾਲ ਪੰਜਾਬ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਕਿਤੇ ਉਹ ਮੁੜ ਹੜ੍ਹਾਂ ਵਿਚ ਨਾ ਘਿਰ ਜਾਣ। ਜਾਣਕਾਰੀ ਅਨੁਸਾਰ ਸਰਦੂਲਗੜ੍ਹ ਹਲਕੇ ਵਿਚ ਵੱਖ-ਵੱਖ ਥਾਵਾਂ ’ਤੇ ਆਏ ਹੜ੍ਹਾਂ ਦਾ ਪਾਣੀ ਦਿਨ-ਬ-ਦਿਨ ਘੱਟ ਰਿਹਾ ਹੈ ਪਰ ਨੀਵੀਆਂ ਥਾਵਾਂ ’ਤੇ ਖੜ੍ਹੇ ਪਾਣੀ ਉੱਪਰ ਫੈਲ ਰਹੇ ਮੱਛਰ ਕਾਰਨ ਭਿਆਨਕ ਬੀਮਾਰੀਆਂ ਦਾ ਡਰ ਲੋਕਾਂ ਨੂੰ ਸਤਾ ਰਿਹਾ ਹੈ।

ਉਧਰ ਸਰਦੂਲਗੜ੍ਹ, ਪਿੰਡ ਫੂਸ ਮੰਡੀ, ਸਾਧੂਵਾਲਾ ਅਤੇ ਨਾਲ ਲੱਗਦੇ ਪਿੰਡਾਂ ਵਿਚ ਹੜ੍ਹਾਂ ਕਾਰਨ 500 ਤੋਂ ਜ਼ਿਆਦਾ ਘਰਾਂ ਵਿਚ ਤਰੇੜਾਂ ਆ ਗਈਆਂ ਹਨ। ਇਨ੍ਹਾਂ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਡਰ ਹੈ ਕਿ ਇਹ ਮਕਾਨ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਸ਼ਹਿਰ ਸਰਦੂਲਗੜ੍ਹ ਦੇ ਹੜ੍ਹ ਮਾਰੇ ਲੋਕਾਂ ਨੂੰ ਵੀ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੀਵੀਆਂ ਥਾਵਾਂ ਤੇ ਪਾਣੀ ਕੱਢਣਾ ਇਕ ਚੁਣੌਤੀ ਬਣ ਗਈ ਹੈ। ਇਸ ਪਾਣੀ ਨੂੰ ਬਾਹਰ ਕੱਢਣ ਤੋਂ ਬਾਅਦ ਹੀ ਲੋਕਾਂ ਦੀ ਜ਼ਿੰਦਗੀ ਲੀਹ ’ਤੇ ਆ ਸਕੇਗੀ। ਪਾਣੀ ਕਾਰਨ ਮਲੇਰੀਆ, ਪੇਟ ਦੀਆਂ ਬਿਮਾਰੀਆਂ, ਡੇਂਗੂ, ਅੱਖਾਂ ਦੀ ਐਲਰਜੀ ਅਤੇ ਚਮੜੀ ਰੋਗ ਫੈਲਣ ਦਾ ਡਰ ਜ਼ਿਆਦਾ ਹੈ।

ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਸਰਦੂਲਗੜ੍ਹ ਹਲਕੇ ਵਿਚ ਬੇਸ਼ੱਕ ਹੜ੍ਹ ਦਾ ਪਾਣੀ ਕਾਫੀ ਘਟ ਗਿਆ ਹੈ ਪਰ ਮੁਸ਼ਕਿਲਾਂ ਓਨੀਆਂ ਹੀ ਵੱਧ ਗਈਆਂ ਹਨ। ਜਿੱਥੇ ਪਾਣੀ ਰੁਕਿਆ ਹੋਇਆ ਹੈ ਉਥੇ ਮੱਖੀ ਮੱਛਰ ਕਾਰਨ ਬਿਮਾਰੀਆਂ ਫੈਲਣ ਦਾ ਡਰ ਵਧਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾਅਵੇ ਤਾਂ ਬਹੁਤ ਕਰ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਇੰਨੇ ਇੰਤਜ਼ਾਮ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੇ ਵਾਰਡ ਨੰ. 2 ਤੇ 3 ਦੀ ਹਾਲਤ ਕਾਫ਼ੀ ਮਾੜੀ ਹੈ। ਇੱਥੇ ਭਰੇ ਪਾਣੀ ਨੂੰ ਕੱਢਣ ਲਈ ਉਨ੍ਹਾਂ ਇਕ ਮਸ਼ੀਨ ਅਤੇ 1000 ਲੀਟਰ ਤੇਲ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਧੁੱਪ ਨਿਕਲਣ ਤੋਂ ਬਾਅਦ ਹੜ੍ਹਾਂ ਦੇ ਪਾਣੀ ਵਿਚ ਘਿਰੇ ਮਕਾਨ ਤਿੜਕ ਗਏ ਹਨ। ਲੋਕ ਛੱਤ ਹੇਠਾਂ ਰਹਿਣ ਤੋਂ ਘਬਰਾ ਰਹੇ ਹਨ ਕਿਉਂਕਿ ਇਹ ਮਕਾਨ ਵੀ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਜਿਹੇ ਘਰਾਂ ਦਾ ਇਕ ਤੁਰ ਫਿਰ ਕੇ ਸਰਵੇਖਣ ਕੀਤਾ ਅਤੇ ਇਕੱਲੇ ਸਰਦੂਲਗੜ੍ਹ ਵਿਚ ਹੀ ਅਜਿਹੇ 500 ਦੇ ਕਰੀਬ ਘਰ ਹਨ ਜੋ ਤਿੜਕ ਗਏ ਹਨ ਅਤੇ ਪਿੰਡਾਂ ਵਿਚ ਵੀ ਅਜਿਹੇ ਘਰਾਂ ਦੀ ਗਿਣਤੀ ਵਧੇਰੇ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਆਪਣੇ ਤੌਰ ’ਤੇ ਮੈਡੀਕਲ ਕੈਂਪ ਲਗਾ ਕੇ, ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਲੋਕਾਂ ਨੂੰ ਦਵਾਈ ਦੇਣ ਅਤੇ ਉਨ੍ਹਾਂ ਨੂੰ ਜਰੂਰਤ ਦੀਆਂ ਚੀਜ਼ਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਬਿਲਕੁੱਲ ਘੱਟ ਜਾਵੇਗਾ ਤਾਂ ਸਰਕਾਰ ਵਲੋਂ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਾਹਰ ਕੱਢਣ ਲਈ ਯੋਗ ਸਹਾਇਤਾ ਅਤੇ ਹੋਏ ਨੁਕਸਾਨ ਦਾ ਮੁਅਵਜ਼ਾ ਦਿੱਤਾ ਜਾਵੇਗਾ।

ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਹੜ੍ਹ ਮਾਰੇ ਸਰਦੂਲਗੜ੍ਹ ਖੇਤਰ ਵਿਚ ਕੋਈ ਵੀ ਲਾਗ ਵਾਲੀ ਬੀਮਾਰੀ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਚਮੜੀ ਅਤੇ ਅੱਖਾਂ ਦੀ ਐਲਰਜੀ ਦੇ ਕੁੱਝ ਮਾਮਲੇ ਸਾਹਮਣੇ ਆਏ ਹਨ, ਜਿਸ ਲਈ ਸਿਹਤ ਵਿਭਾਗ ਆਈ. ਐੱਮ. ਏ ਅਤੇ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੋਕਾਂ ਨੂੰ ਇਲਾਜ ਤੇ ਦਵਾਈ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ, ਫੂਸ ਮੰਡੀ ਅਤੇ ਸਾਧੂਵਾਲਾ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਪਿੰਡਾਂ ਵਿਚ ਲਗਾਤਾਰ ਦਵਾਈ ਦਾ ਛਿੜਕਾਅ ਵੀ ਕਰਵਾਇਆ ਜਾ ਰਿਹਾ ਹੈ।
 


author

Gurminder Singh

Content Editor

Related News