ਸ਼ਰੇਆਮ ਹੋ ਰਹੀ ਹੈ ਬਾਲ ਮਜ਼ਦੂਰੀ

11/18/2017 7:12:12 AM

ਅਜਨਾਲਾ,   (ਫਰਿਆਦ)-  ਸਮੇਂ ਦੀਆਂ ਸਰਕਾਰਾਂ ਬਾਲ ਮਜ਼ਦੂਰੀ ਰੋਕਣ ਲਈ ਭਾਵੇਂ ਜਿੰਨੇ ਮਰਜ਼ੀ ਕਾਨੂੰਨ ਘੜੀ ਜਾਣ ਪਰ ਬਾਲ ਮਜ਼ਦੂਰੀ ਰੋਕਣ ਦੀ ਮੁਹਿੰਮ ਦੀ ਫੂਕ ਕੁਝ ਪੜ੍ਹੇ-ਲਿਖੇ, ਅਮੀਰਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਨਿਕਲ ਜਾਂਦੀ ਹੈ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਤਹਿਸੀਲ ਅਜਨਾਲਾ 'ਚ ਹਰੇਕ ਛੋਟੇ-ਵੱਡੇ ਕਸਬੇ ਤੇ ਪਿੰਡਾਂ 'ਚ ਅਮੀਰ ਲੋਕਾਂ ਦੇ ਘਰਾਂ ਤੋਂ ਇਲਾਵਾ ਦੁਕਾਨਾਂ, ਢਾਬਿਆਂ, ਮੈਰਿਜ ਪੈਲੇਸਾਂ, ਰੇਹੜੀਆਂ, ਭੱਠਿਆਂ, ਡੇਅਰੀਆਂ ਆਦਿ 'ਤੇ ਗਰੀਬ ਮਾਪਿਆਂ ਦੀ ਵੱਧਦੀ ਮਹਿੰਗਾਈ ਕਾਰਨ ਬਣੀ ਮਜਬੂਰੀ ਅਤੇ ਨਸ਼ੇੜੀ ਕਿਸਮ ਦੇ ਲੋਕਾਂ ਵੱਲੋਂ ਨਸ਼ਾ ਪੂਰਾ ਕਰਨ ਲਈ ਆਪਣੀਆਂ ਔਰਤਾਂ ਸਣੇ ਬੱਚਿਆਂ ਨੂੰ ਕੰਮ ਕਰਨ ਲਈ ਮਾਮੂਲੀ ਰੁਪਏ ਬਟੋਰਨ ਦੇ ਲਾਲਚਵੱਸ ਮਜ਼ਦੂਰੀ ਕਰਵਾਈ ਜਾ ਰਹੀ ਹੈ।
ਸਬੰਧਤ ਵਿਭਾਗ ਵੱਲੋਂ ਕਦੀ-ਕਦੇ ਛਾਪੇ ਮਾਰ ਕੇ ਆਪਣੀ ਮੁਹਿੰਮ ਦੇ ਕਾਮਯਾਬ ਹੋਣ ਦੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ, ਜਦੋਂ ਕਿ ਪੰਛੀ ਝਾਤ ਮਾਰਨ 'ਤੇ ਦੇਖਿਆ ਜਾ ਸਕਦਾ ਹੈ ਕਿ ਜੋ ਲੋਕ ਬਾਲ ਮਜ਼ਦੂਰੀ ਕਰਵਾ ਰਹੇ ਹਨ ਉਨ੍ਹਾਂ ਵੱਲੋਂ ਬਾਲ ਮਜ਼ਦੂਰਾਂ ਨੂੰ ਸਿਰਫ 200-300 ਰੁਪਏ ਵਰਗੀ ਨਿਗੂਣੀ ਤੇ ਮਾਮੂਲੀ ਰਾਸ਼ੀ ਦੇ ਕੇ ਭਾਰੀ ਤੋਂ ਭਾਰੀ ਤੇ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕਈ ਬਾਲ ਮਜ਼ਦੂਰਾਂ ਨੂੰ ਭੁੱਖੇ ਰੱਖ ਕੇ ਜਾਂ ਫਿਰ ਲੋੜੀਂਦੀ ਖੁਰਾਕ ਨਾ ਦੇਣ ਕਾਰਨ ਖੂਨ ਦੀ ਕਮੀ ਤੇ ਬੀਮਾਰ ਹੋਣ ਦੇ ਬਾਵਜੂਦ ਉਨ੍ਹਾਂ ਕੋਲੋਂ ਧੱਕੇ ਨਾਲ ਕੰਮ ਲਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਤਹਿਸੀਲ ਅਜਨਾਲਾ ਦੇ ਕਈ ਪਿੰਡਾਂ 'ਚ ਕੁਝ ਵੱਡੇ ਕਿਸਾਨਾਂ ਵੱਲੋਂ ਬਾਲ ਮਜ਼ਦੂਰੀ ਧੜੱਲੇ ਨਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਬਾਲ ਮਜ਼ਦੂਰਾਂ ਤੋਂ ਖੇਤੀਬਾੜੀ ਤੇ ਪਸ਼ੂ ਪਾਲਣ ਨਾਲ ਸਬੰਧਤ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਵਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਸਥਾਨਕ ਸ਼ਹਿਰ ਅਜਨਾਲਾ 'ਚ ਵੀ ਰੇਹੜੀਆਂ, ਢਾਬਿਆਂ, ਡੇਅਰੀਆਂ ਆਦਿ ਦੀਆਂ ਦੁਕਾਨਾਂ 'ਤੇ ਵੱਡੀ ਗਿਣਤੀ 'ਚ ਬਾਲ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਸਬੰਧਤ ਵਿਭਾਗ ਵੱਲੋਂ ਆਪਣੇ ਫਰਜ਼ਾਂ ਦੀ ਪੂਰਤੀ ਨਾ ਕਰਨ ਕਾਰਨ ਬਾਲ ਮਜ਼ਦੂਰੀ ਕਰਵਾ ਰਹੇ ਕੁਝ ਲੋਕ ਧੜੱਲੇ ਨਾਲ ਤੇ ਬੇਖੌਫ ਥੋੜ੍ਹੇ ਪੈਸੇ ਦੇ ਕੇ ਵੱਧ ਕੰਮ ਲੈਣ ਦੀ ਤਾਕ 'ਚ ਇਸ ਨਾਲ ਸਬੰਧਤ ਬਣੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ।
ਉਧਰ ਤਹਿਸੀਲ ਅਜਨਾਲਾ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਤੋਂ ਇਲਾਵਾ ਐਡਵੋਕੇਟ ਨਾਨਕ ਸਿੰਘ ਭੱਟੀ, ਰਾਣਾ ਦਹੂਰੀਆਂ ਆਦਿ ਸਮਾਜ ਸੇਵਕਾਂ ਵੱਲੋਂ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਾਲ ਮਜ਼ਦੂਰੀ ਰੋਕੀ ਜਾਵੇ ਅਤੇ ਇਸ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ 'ਤੇ ਕਾਨੂੰਨੀ ਕਰਵਾਈ ਕਰਨ ਦੇ ਨਾਲ-ਨਾਲ ਗਰੀਬ ਤੇ ਲੋੜਵੰਦ ਬੱਚਿਆਂ ਦੇ ਮੁੜ ਵਸੇਬੇ ਵੱਲ ਧਿਆਨ ਦੇ ਕੇ ਉਨ੍ਹਾਂ ਦੇ ਰੁਲ ਰਹੇ ਬਚਪਨ ਨੂੰ ਬਚਾਇਆ ਜਾਵੇ।


Related News