ਜਰਮਨ ਸਰਕਾਰ ਦੀ ਜਾਸੂਸੀ ਦਾ ਦੋਸ਼ੀ ਮਨਮੋਹਨ ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਦਾ ਹੈ ਕਰੀਬੀ
Saturday, Nov 23, 2019 - 12:06 PM (IST)
ਜਲੰਧਰ (ਨਰਿੰਦਰ ਮੋਹਨ)—ਜਰਮਨੀ ਵਿਚ ਸਿੱਖ ਅਤੇ ਕਸ਼ਮੀਰੀ ਗਰੁੱਪਾਂ ਦੀ ਜਾਸੂਸੀ ਕਰਨ ਦਾ ਦੋਸ਼ੀ ਮਨਮੋਹਨ ਸਿੰਘ ਅਤੇ ਉਸ ਦੀ ਪਤਨੀ ਕੰਵਲਜੀਤ ਕੌਰ ਪੰਜਾਬ ਤੋਂ ਜਰਮਨ ਜਾਣ ਵਾਲੇ ਵੱਡੇ ਕਾਂਗਰਸੀ ਨੇਤਾਵਾਂ ਦੀ ਆਓ ਭਗਤ ਕਰਦੇ ਸਨ। ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਮੁੱਖ ਮੰਤਰੀ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਜਿਹੇ ਨੇਤਾਵਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਮਨਮੋਹਨ ਸਿੰਘ ਅਤੇ ਹੋਰਨਾਂ ਨਾਲ ਬੈਠਕਾਂ ਵੀ ਕੀਤੀਆਂ। ਭਾਰਤ ਵਿਚ ਮਨਮੋਹਨ ਸਿੰਘ ਗੁਰਦਾਸਪੁਰ ਵਿਚ ਬਾਜਵਾ ਦੀ ਰਿਹਾਇਸ਼ 'ਤੇ ਵੀ ਗਿਆ। ਜਰਮਨੀ ਵਿਚ ਆਨਲਾਈਨ ਖਬਰਾਂ ਨਾਲ ਜੁੜਿਆ ਮਨਮੋਹਨ ਸਿੰਘ ਗਰਮਪੰਥੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਉਹ ਭਾਰਤ ਵਿਚ 8 ਮਹੀਨਿਆਂ ਦੀ ਸਜ਼ਾ ਕੱਟ ਚੁੱਕਾ ਹੈ।
ਮਨਮੋਹਨ ਸਿੰਘ 1992 ਵਿਚ ਪਹਿਲੀ ਵਾਰ ਜਰਮਨੀ ਵਿਚ ਗਿਆ ਸੀ ਅਤੇ ਉਦੋਂ ਉਥੇ ਸ਼ਰਨ ਲੈਣ ਲਈ ਅਪਲਾਈ ਕੀਤਾ। ਉਸ ਨੇ ਖੁਦ ਜਰਮਨ ਵਿਚ ਜੋ ਜਾਣਕਾਰੀ ਦਿੱਤੀ, ਉਸ ਦੇ ਮੁਤਾਬਕ ਉਹ ਭਾਰਤ ਵਿਚ 8 ਮਹੀਨੇ ਕੈਦ ਦੀ ਸਜ਼ਾ ਕੱਟ ਚੁੱਕਾ ਹੈ। ਸਿੱਖਾਂ ਦੇ ਧਾਰਮਿਕ ਹਿੱਤਾਂ ਦੇ ਪ੍ਰਤੀ ਸਿਆਸੀ ਵਚਨਬੱਧਤਾ ਕਾਰਣ ਉਸ ਨੂੰ ਇਹ ਸਜ਼ਾ ਮਿਲੀ ਸੀ। 1984 ਵਿਚ ਜਦੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਦੋਂ ਉਹ ਬਹੁਤ ਦਬਾਅ ਵਿਚ ਆ ਗਿਆ ਸੀ, ਇਸੇ ਵਜ੍ਹਾ ਕਾਰਣ ਉਹ ਜਰਮਨ ਆਇਆ ਪਰ ਸ਼ਰਨ ਹਾਸਲ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਰਹੀਆਂ।
ਹੁਣ ਦੋਵੇਂ ਪਤੀ-ਪਤਨੀ 'ਤੇ ਦੋਸ਼ ਹੈ ਕਿ ਉਹ ਭਾਰਤ ਲਈ 2015 ਤੋਂ ਜਾਸੂਸੀ ਕਰਦੇ ਆ ਰਹੇ ਸਨ। ਇਹ ਵੀ ਦੋਸ਼ ਹੈ ਕਿ ਉਹ ਕਸ਼ਮੀਰੀ ਅਤੇ ਸਿੱਖ ਗਰੁੱਪਾਂ ਦੀ ਮੁਹਿੰਮ ਦੀਆਂ ਜਾਣਕਾਰੀਆਂ ਭਾਰਤੀ ਏਜੰਸੀ ਨੂੰ ਦਿੰਦੇ ਸਨ ਅਤੇ ਬਦਲੇ ਵਿਚ ਪੈਸੇ ਲੈਂਦੇ ਸਨ। ਉਨ੍ਹਾਂ ਦੇ ਖਾਤਿਆਂ ਵਿਚ 7200 ਯੂਰੋ ਦੀ ਰਕਮ ਵੀ ਇਸੇ ਕੰਮ ਲਈ ਹਾਸਲ ਕੀਤੀ ਦੱਸੀ ਜਾਂਦੀ ਹੈ। ਫਰੈਂਕਫਰਟ ਦੀ ਹਾਇਰ ਰੀਜ਼ਨਲ ਕੋਰਟ ਵਿਚ ਇਨ੍ਹਾਂ ਖਿਲਾਫ ਮੁਕੱਦਮਾ ਸ਼ੁਰੂ ਹੋਇਆ ਹੈ, ਜਿਸ ਦੀ ਪਹਿਲੀ ਸੁਣਵਾਈ ਵੀਰਵਾਰ ਨੂੰ ਹੋਈ ਅਤੇ ਅਗਲੀ ਲਈ ਦਸੰਬਰ ਤੱਕ 6 ਤਰੀਕਾਂ ਤੈਅ ਕੀਤੀਆਂ ਗਈਆਂ ਹਨ। ਜੇਕਰ ਇਨ੍ਹਾਂ 'ਤੇ ਲੱਗੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਦੋਵਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮਨਮੋਹਨ ਸਿੰਘ ਇੰਡੀਅਨ ਓਵਰਸੀਜ਼ ਨਾਲ ਸਬੰਧਤ ਸੀ।