ਅਕਾਲੀ ਦਲ ਛੱਡਣ ਵਾਲੇ ਜਨਰਲ ਜੇ. ਜੇ. ਸਿੰਘ ਬਣੇ ''ਟਕਸਾਲੀ''
Wednesday, Feb 06, 2019 - 11:45 AM (IST)

ਅੰਮ੍ਰਿਤਸਰ/ਪਟਿਆਲਾ : ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ 'ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਤੋਂ ਚੋਣ ਲੜਨ ਵਾਲੇ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਜਨਰਲ ਜੇ. ਜੇ. ਸਿੰਘ ਵਲੋਂ ਡਾ. ਧਰਮਵੀਰ ਗਾਂਧੀ ਦੇ 'ਪੰਜਾਬ ਮੰਚ' 'ਚ ਸ਼ਾਮਲ ਹੋਣ ਦੇ ਚਰਚੇ ਵੀ ਸਨ ਪਰ ਬਾਅਦ ਵਿਚ ਜਨਰਲ ਜੇ. ਜੇ. ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਹ ਡਾ. ਧਰਮਵੀਰ ਗਾਂਧੀ ਦੀ ਪਾਰਟੀ ਵਿਚ ਸ਼ਾਮਲ ਨਹੀਂ ਹੋਏ ਪਰ ਉਹ ਗਾਂਧੀ ਨੂੰ ਸਮਰਥਨ ਜ਼ਰੂਰ ਕਰਨਗੇ।
ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਅੰਮ੍ਰਿਤਸਰ ਵਿਚ ਜਨਰਲ ਜੇ. ਜੇ. ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਲੰਘੀ 12 ਦਸੰਬਰ ਨੂੰ ਜੇ. ਜੇ. ਸਿੰਘ ਨੇ ਅਕਾਲੀ ਦਲ 'ਚੋਂ ਅਸਤੀਫਾ ਦੇ ਦਿੱਤਾ ਸੀ। ਜੇ. ਜੇ. ਸਿੰਘ ਨੇ ਇਸ ਅਸਤੀਫੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ।