ਅੰਮ੍ਰਿਤਸਰ ਦੇ ਗਵਾਲ ਮੰਡੀ ਕਤਲ ਮਾਮਲੇ ਦੀ ਸੁਲਝੀ ਗੁੱਥੀ, ਗੁਆਂਢੀ ਹੀ ਨਿਕਲਿਆ ਕਾਤਲ

Friday, Jul 01, 2022 - 02:54 AM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ, ਅਰੁਣ) : ਬੀਤੇ ਦਿਨ ਅੰਮ੍ਰਿਤਸਰ ਦੀ ਗਵਾਲ ਮੰਡੀ 'ਚ ਇਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਅੱਜ ਮ੍ਰਿਤਕਾ ਦੇ ਗੁਆਂਢ 'ਚ ਰਹਿੰਦੇ ਇਕ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਦੇਰ ਰਾਤ ਛੱਤ ਤੋਂ ਹੇਠਾਂ ਆ ਕੇ ਉਕਤ ਨੌਜਵਾਨ ਦਾ ਔਰਤ ਨਾਲ ਝਗੜਾ ਹੋ ਗਿਆ, ਜੋ ਇੰਨਾ ਵੱਧ ਗਿਆ ਕਿ ਉਸ ਨੇ ਔਰਤ ਦਾ ਕਤਲ ਕਰ ਦਿੱਤਾ ਤੇ ਲੁੱਟ ਕੇ ਫਰਾਰ ਹੋ ਗਿਆ। ਕਾਤਲ ਨੂੰ ਅੱਜ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰ ਇਹ ਵੀ : ਜਲੰਧਰ 'ਚ ਲਿਖੇ ਖ਼ਾਲਿਸਤਾਨੀ ਨਾਅਰੇ, ਉਥੇ ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾ ਪੁਲਸ ਰਿਮਾਂਡ 'ਤੇ, ਪੜ੍ਹੋ TOP 10

ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਬੀਤੀ 12 ਜੂਨ ਨੂੰ ਥਾਣਾ ਕੰਟੋਨਮੈਂਟ ਅਧੀਨ ਪੈਂਦੇ ਇਲਾਕੇ ਗਵਾਲ ਮੰਡੀ ਰਾਮਤੀਰਥ ਰੋਡ 'ਤੇ ਇਕ ਘਰ ਵਿੱਚ ਇਕੱਲੀ ਰਹਿੰਦੀ ਬਜ਼ੁਰਗ ਔਰਤ ਕਾਮਿਨੀ (65) ਦੇ ਅੰਨ੍ਹੇ ਕਤਲ ਦੇ ਦਰਜ ਮਾਮਲੇ 'ਚ ਏ. ਡੀ. ਸੀ. ਪੀ.-2 ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ਵਿੱਚ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਏ. ਸੀ. ਪੀ. ਪੱਛਮੀ ਗੁਰਵਿੰਦਰ ਸਿੰਘ ਤੇ ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਟੀਮ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀਪਕ ਉਰਫ ਕਾਕਾ ਪੁੱਤਰ ਕੇਵਲ ਕੁਮਾਰ ਵਾਸੀ ਗਵਾਲ ਮੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲੋਂ ਚੋਰੀ ਕੀਤੇ ਗਏ ਸੋਨੇ ਦਾ ਇਕ ਸੈੱਟ, ਇਕ ਜੋੜੀ ਕਾਂਟੇ, ਬੈਂਕ ਦੀਆਂ ਕਾਪੀਆਂ ਅਤੇ ਇਕ ਐੱਫ. ਡੀ. ਪੁਲਸ ਨੇ ਬਰਾਮਦ ਕਰ ਲਏ ਹਨ।

ਇਹ ਵੀ ਪੜ੍ਹੋ : ਮਾਨਸਾ : ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ 2 ਦੋਸ਼ੀਆਂ ਨੂੰ ਕੀਤਾ ਕਾਬੂ

ਕੀ ਸੀ ਮਾਮਲਾ? ਗਵਾਲ ਮੰਡੀ ਵਾਸੀ ਬਜ਼ੁਰਗ ਔਰਤ ਕਾਮਿਨੀ ਜੋ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਆਪਣੇ ਘਰ 'ਚ ਹੀ ਕਰਿਆਨੇ ਦੀ ਦੁਕਾਨ ਕਰਦੀ ਸੀ। ਮ੍ਰਿਤਕ ਔਰਤ ਕਾਮਿਨੀ ਦਾ ਭਤੀਜਾ ਸ਼ੰਕਰ ਵਿਜ ਉਸ ਦੀ ਖੈਰ-ਖ਼ਬਰ ਰੱਖਦਾ ਸੀ। ਵਾਰਦਾਤ ਵਾਲੇ ਦਿਨ ਔਰਤ ਵੱਲੋਂ ਘਰ ਅਤੇ ਦੁਕਾਨ ਦਾ ਦਰਵਾਜ਼ਾ ਨਾ ਖੋਲ੍ਹਣ ’ਤੇ ਮੁਹੱਲਾ ਵਾਸੀਆਂ ਨੇ ਉਸ ਨੂੰ ਇਤਲਾਹ ਦਿੱਤੀ ਅਤੇ ਸ਼ੰਕਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਅੰਨ੍ਹੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਾਮਿਨੀ ਦੇਵੀ ਦੇ ਘਰ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਲੁੱਟੇ ਗਏ ਸਾਮਾਨ ਤੋਂ ਇਲਾਵਾ ਹੋਰ ਵਾਰਦਾਤਾਂ ਦੇ ਖੁਲਾਸੇ ਸਬੰਧੀ ਪੁਲਸ ਗ੍ਰਿਫ਼ਤਾਰ ਕੀਤੇ ਗਏ ਇਸ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਂ 'ਤੇ ਇਕ ਹੋਰ ਟ੍ਰੈਵਲ ਏਜੰਟ ਨੇ 8 ਵਿਅਕਤੀਆਂ ਨਾਲ ਮਾਰੀ ਠੱਗੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News