ਸੁਲਤਾਨਪੁਰ ਲੋਧੀ : ਗਊਸ਼ਾਲਾ ’ਚ ਗੋਬਰ ਅਤੇ ਪਰਾਲੀ ਤੋਂ ਬਣੇਗੀ ਹੁਣ ਲੱਕੜ (ਵੀਡੀਓ)

Wednesday, Dec 11, 2019 - 10:41 AM (IST)

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ, ਸੋਢੀ) - ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲਈ ਪਿੰਡ ਕਮਾਲਪੁਰ ਵਿਖੇ ਬਣਾਈ ਗਈ ਗਊਸ਼ਾਲਾ ’ਚ ਗੋਬਰ ਤੋਂ ਲੱਕੜ ਤਿਆਰ ਕਰਨ ਦੇ ਵਿਲੱਖਣ ਪ੍ਰਾਜੈਕਟ ਦਾ ਉਦਘਾਟਨ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਡੀ.ਸੀ.ਇੰਜ. ਡੀ. ਪੀ. ਐੱਸ. ਖਰਬੰਦਾ ਵਲੋਂ ਕੀਤਾ ਗਿਆ। ਪੰਜਾਬ ਦੀ ਕਿਸੇ ਗਊਸ਼ਾਲਾ ’ਚ ਲਾਏ ਗਏ ਇਸ ਪ੍ਰਾਜੈਕਟ ਦੇ ਤਹਿਤ ਰੋਜ਼ਾਨਾ 2500 ਕਿਲੋ ਲੱਕੜੀ ਤਿਆਰ ਕੀਤੀ ਜਾਵੇਗੀ, ਜਿਹੜੀ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਲਈ ਵਰਤੀ ਜਾਵੇਗੀ। ਵਿਧਾਇਕ ਚੀਮਾ ਤੇ ਡੀ.ਸੀ. ਇੰਜ. ਖਰਬੰਦਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜਿਥੇ ਗਊਸ਼ਾਲਾ ਨੂੰ ਆਮਦਨ ਹੋਵੇਗੀ, ਉਥੇ ਵਾਤਾਵਰਣ ਨੂੰ ਸ਼ੁੱਧ ਰੱਖਣ ’ਚ ਵੀ ਮਦਦ ਮਿਲੇਗੀ।

PunjabKesari

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਤਹਿਤ ਇਕ ਗਊਸ਼ਾਲਾ ’ਚ ਇਕ ਵਿਸ਼ੇਸ਼ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਗੋਲ ਅਤੇ ਚੌਰਸ ਦੋਵੇਂ ਤਰ੍ਹਾਂ ਦੀਆਂ ਲੱਕੜਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਗਊਸ਼ਾਲਾ ’ਚ ਰੋਜ਼ਾਨਾ 3000 ਕਿਲੋ ਦੇ ਕਰੀਬ ਗੋਬਰ ਇਕੱਤਰ ਹੁੰਦਾ ਹੈ, ਜਿਸ ਤੋਂ 2500 ਕਿਲੋ ਲੱਕੜ ਤਿਆਰ ਕੀਤੀ ਜਾ ਸਕਦੀ ਹੈ। ਇਸ ਨਾਲ ਲੱਕੜਾਂ ਲਈ ਰੁੱਖਾਂ ’ਤੇ ਨਿਰਭਰਤਾ ਘੱਟ ਜਾਵੇਗੀ। ਚੀਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਜ਼ਿਲੇ ਦੇ ਪੇਂਡੂ ਖੇਤਰਾਂ ਵਿਚ ਇਕ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾਵੇਗਾ। ਡੀ.ਸੀ. ਨੇ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੀਆਂ ਮਸ਼ੀਨਾਂ 33 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਤਿਆਰ ਕੀਤੀ ਲੱਕੜ ਸ਼ਮਸ਼ਾਨਘਾਟਾਂ ਨੂੰ ਸਪਲਾਈ ਕੀਤੀ ਜਾਵੇਗੀ।

ਇਸ ਦੌਰਾਨ ਜ਼ਿਲੇ ’ਚ ਪਸ਼ੂਆਂ ਨੂੰ ਮੂੰਹ-ਖੁਰ ਦੇ ਟੀਕੇ ਲਗਾਉਣ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਜ਼ਿਲੇ ਭਰ ’ਚ 1 ਲੱਖ 80 ਹਜ਼ਾਰ ਪਸ਼ੂਆਂ ਨੂੰ ਮੁਫ਼ਤ ਟੀਕੇ ਲਗਾਏ ਜਾਣਗੇ। ਇਸ ਮੌਕੇ ਐੱਸ. ਡੀ. ਐੱਮ. ਡਾ. ਚਾਰੂਮਿਤਾ, ਸਕੱਤਰ ਜ਼ਿਲਾ ਪ੍ਰੀਸ਼ਦ ਗੁਰਦਰਸ਼ਨ ਲਾਲ ਕੁੰਡਲ, ਐਕਸੀਅਨ ਪੰਚਾਇਤੀ ਰਾਜ ਸੰਦੀਪ ਸ਼੍ਰੀਧਰ, ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਅਸ਼ੋਕ ਕੁਮਾਰ ਮੋਗਲਾ, ਬੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਗਿੱਲ ਆਦਿ ਕਈ ਸ਼ਖਸੀਅਤਾਂ ਹਾਜ਼ਰ ਸਨ।


author

rajwinder kaur

Content Editor

Related News