ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਗੇਟ ਰੈਲੀ
Friday, Jan 05, 2018 - 10:08 AM (IST)

ਫਿਰੋਜ਼ਪੁਰ (ਪਰਮਜੀਤ) - ਫਿਰੋਜ਼ਪੁਰ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਤੇ ਪੰਜਾਬ ਰੋਡਵੇਜ਼ ਐਕਸ਼ਨ ਸਮਿਤੀ ਦੇ ਸੱਦੇ 'ਤੇ ਅੱਜ ਹੜਤਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਸਕੱਤਰ ਟਰਾਂਸਪੋਰਟ ਅਤੇ ਡਾਇਰੈਕਟਰ ਟਰਾਂਸਪੋਰਟ ਵੱਲੋਂ 2 ਜਨਵਰੀ 2018 ਨੂੰ ਮੀਟਿੰਗ ਬੁਲਾਈ ਗਈ ਸੀ, ਜਿਸ 'ਚ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨ ਲਿਆ ਗਿਆ, ਇਸ ਲਈ ਕਰਮਚਾਰੀਆਂ ਨੇ ਹੜਤਾਲ ਨੂੰ ਰੱਦ ਕਰ ਦਿੱਤਾ ਹੈ। ਮੀਟਿੰਗ ਦੌਰਾਨ ਪਨਬਸ ਸਮਿਤੀ ਵੱਲੋਂ ਤਨਖਾਹ ਵਧਾਉਣ ਅਤੇ ਆਊਟਸੋਰਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਲਈ, ਜਿਸ ਦੇ ਜਵਾਬ 'ਚ ਡਾਇਰੈਕਟਰ ਟਰਾਂਸਪੋਰਟ ਤੇ ਸੈਕਟਰੀ ਟਰਾਂਸਪੋਰਟ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਦੀਆਂ ਫਾਈਲਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਜਿਸ ਕਾਰਨ 4 ਜਨਵਰੀ ਨੂੰ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਫਿਰੋਜ਼ਪੁਰ ਵੱਲੋਂ ਧੰਨਵਾਦੀ ਗੇਟ ਰੈਲੀ ਕੀਤੀ ਗਈ।
ਇਸ ਗੇਟ ਰੈਲੀ ਦੌਰਾਨ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਕੈਬਨਿਟ ਮੀਟਿੰਗ 'ਚ ਕਿਹਾ ਸੀ ਕਿ ਪੰਜਾਬ 'ਚ ਕਿਸੇ ਵੀ ਵਿਭਾਗ ਵਿਚ ਠੇਕੇ 'ਤੇ ਭਰਤੀ ਨਹੀਂ ਕੀਤੀ ਜਾਵੇਗੀ।ਵਿਭਾਗ ਦੀ ਮੈਨੇਜਮੈਂਟ ਵੱਲੋਂ ਕਰਮਚਾਰੀਆਂ ਦੇ ਸੰਘਰਸ਼ ਅੱਗੇ ਝੁੱਕਦੇ ਹੋਏ ਮੁਕਤਸਰ ਸਾਹਿਬ ਡਿਪੂ ਦੇ ਕੱਢੇ ਹੋਏ 5 ਵਰਕਰਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਕਰਮਚਾਰੀਆਂ ਦੀ ਜਿੱਤ ਹੋਈ ਹੈ। ਰੇਸ਼ਮ ਸਿੰਘ ਗਿੱਲ ਅਤੇ ਜਤਿੰਦਰ ਸਿੰਘ ਨੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।