ਥਰਮਲ ਬੰਦ ਕਰਨ ਵਿਰੁੱਧ ਬਿਜਲੀ ਕਾਮਿਆਂ ਵੱਲੋਂ ਗੇਟ ਰੈਲੀ

Friday, Dec 22, 2017 - 02:30 AM (IST)

ਥਰਮਲ ਬੰਦ ਕਰਨ ਵਿਰੁੱਧ ਬਿਜਲੀ ਕਾਮਿਆਂ ਵੱਲੋਂ ਗੇਟ ਰੈਲੀ

ਕੋਟ ਈਸੇ ਖਾਂ,   (ਗਰੋਵਰ, ਸੰਜੀਵ)-  ਸਾਂਝੇ ਫੋਰਮ ਪੰਜਾਬ ਦੇ ਉਪ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਮੂਹ ਸਾਥੀਆਂ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਦੇ ਫੈਸਲੇ ਮੁਤਾਬਕ ਸਰਕਾਰੀ ਥਰਮਲ ਬਠਿੰਡਾ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਬੰਦ ਕਰਨ ਵਿਰੁੱਧ ਸਬ-ਡਵੀਜ਼ਨ 'ਚ ਗੇਟ ਰੈਲੀ ਕੀਤੀ ਗਈ। ਕਾਮਿਆਂ ਨੂੰ ਸੰਬੋਧਨ ਕਰਦੇ ਹੋਏੇ ਸਾਥੀ ਇੰਦਰਜੀਤ ਸਿੰਘ ਪ੍ਰਧਾਨ ਸਿਟੀ ਮੰਡਲ ਮੋਗਾ, ਸਾਥੀ ਸੁਖਮੰਦਰ ਸਿੰਘ ਸਕੱਤਰ ਸਿਟੀ ਮੋਗਾ, ਸਾਬਕਾ ਪ੍ਰਧਾਨ ਸਾਥੀ ਬਲਵਿੰਦਰ ਸਿੰਘ ਸਿਟੀ ਮੋਗਾ, ਸਾਥੀ ਕੇਸਰ ਸਿੰਘ ਪ੍ਰਧਾਨ ਸ/ਡ ਕੋਟ ਈਸੇ ਖਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਠਿੰਡਾ ਥਰਮਲ ਪਲਾਂਟ ਨੂੰ ਅੱਪਗਰੇਡ ਕਰਨ ਅਤੇ ਮੁਰੰਮਤ ਉਪਰ ਤਕਰੀਬਨ 25 ਕਰੋੜ ਰੁਪਏ ਖਰਚੇ ਗਏ ਹਨ। 
ਬਠਿੰਡਾ ਅਤੇ ਰੋਪੜ ਥਰਮਲ ਘੱਟ ਪ੍ਰੋਡਕਸ਼ਨ ਉਪਰ ਬਿਜਲੀ ਪੈਦਾ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਪਰ ਚਾਲੂ ਕੀਤੇ ਗਏ ਥਰਮਲ ਪਲਾਂਟ ਨੂੰ ਇਕੋ ਝਟਕੇ 'ਚ ਬੰਦ ਕਰ ਦਿੱਤਾ ਗਿਆ ਹੈ। ਇਸ ਥਰਮਲ ਦੇ ਬਿਜਲੀ ਪੈਦਾ ਕਰਨ ਕਰਕੇ ਪੰਜਾਬ ਦੇ ਕਿਸਾਨਾਂ ਨੇ ਹਰਾ ਇਨਕਲਾਬ ਲਿਆਂਦਾ ਸੀ ਪਰ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਪ੍ਰਾਈਵੇਟਸ਼ਨ ਨੂੰ ਬੜਾਵਾ ਦੇ ਰਹੀ ਹੈ। ਇਸ ਮੌਕੇ ਸਾਥੀ ਸੇਵਕ ਸਿੰਘ ਮੀਤ ਪ੍ਰਧਾਨ, ਪ੍ਰਦੀਪ ਕੁਮਾਰ ਸਹਾਇਕ ਸਕੱਤਰ ਅਤੇ ਰਣਧੀਰ ਸਿੰਘ ਕੈਸ਼ੀਅਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਤਾਂ ਆਉਣ ਵਾਲੇ ਸਮੇਂ 'ਚ ਸਾਂਝੇ ਫੋਰਮ ਵੱਲੋਂ ਸੰਘਰਸ਼ ਕੀਤਾ ਜਾਵੇਗਾ।


Related News