ਨੌਜਵਾਨ ਦੀ ਮੌਤ ਹੋਣ 'ਤੇ ਇੰਸ਼ੋਰੈਂਸ ਕੰਪਨੀ ਨੂੰ 6 ਲੱਖ ਰੁਪਏ ਦੇਣ ਦੇ ਹੁਕਮ
Thursday, Aug 08, 2019 - 09:02 PM (IST)

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ) : ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋਣ 'ਤੇ ਇੰਸ਼ੋਰੈਂਸ ਕੰਪਨੀ ਵਲੋਂ ਉਸ ਦਾ ਕਲੇਮ ਨਾ ਦੇਣ 'ਤੇ ਜ਼ਿਲਾ ਖਪਤਕਾਰ ਫੋਰਮ ਬਰਨਾਲਾ ਨੇ ਇੰਸ਼ੋਰੈਂਸ ਕੰਪਨੀ ਨੂੰ 6 ਲੱਖ ਰੁਪਏ ਮ੍ਰਿਤਕ ਦੇ ਪਰਿਵਾਰ ਨੂੰ ਦੇਣ ਦਾ ਹੁਕਮ ਸੁਣਾਇਆ ਹੈ। ਬਲਵੀਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਕਲਾਲਾਂ ਨੇ ਜ਼ਿਲਾ ਬਰਨਾਲਾ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਲ 2015 'ਚ ਗੈਸ-ਕੁਨੈਕਸ਼ਨ ਲਿਆ ਸੀ ਤੇ ਕੰਪਨੀ ਦੇ ਮੁਲਾਜ਼ਮਾਂ ਨੇ ਹੀ ਗੈਸ ਸਟੋਵ, ਰੈਗੂਲੇਟਰ ਤੇ ਗੈਸ ਪਾਈਪ ਦੀ ਫਿਟਿੰਗ ਕੀਤੀ ਸੀ। 16 ਜੂਨ 2017 ਨੂੰ ਜਦੋਂ ਉਸ ਦਾ ਇਕਲੌਤਾ ਲੜਕਾ ਅੰਮ੍ਰਿਤਪਾਲ ਸਿੰਘ ਦੁੱਧ ਉਬਾਲਣ ਲੱਗਿਆ ਤਾਂ ਇਕਦਮ ਗੈਸ ਪਾਈਪ 'ਚੋਂ ਅੱਗ ਨਿਕਲੀ ਤੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਬੁਰੀ ਤਰ੍ਹਾਂ ਝੁਲਸੇ ਇਸ 21 ਸਾਲਾ ਲੜਕੇ ਦੀ ਅਗਲੇ ਦਿਨ 17 ਜੂਨ ਨੂੰ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਸੰਦੌੜ ਇੰਡੇਨ ਗ੍ਰਾਮੀਣ ਵਿਤਰਕ ਮਾਲੇਰਕੋਟਲਾ ਤੇ ਇੰਡੀਅਨ ਆਇਲ ਕੰਪਨੀ ਦੇ ਕੋਲ ਵੀ ਅਰਜ਼ੀ ਦਿੱਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਉਸ ਨੂੰ ਮਜ਼ਬੂਰਨ ਜ਼ਿਲਾ ਖਪਤਕਾਰ ਫੋਰਮ ਬਰਨਾਲਾ ਦਾ ਦਰਵਾਜ਼ਾ ਖੜਕਾਉਣਾ ਪਿਆ। ਦੋਵੇਂ ਪੱਖਾਂ ਵਲੋਂ ਪੇਸ਼ ਕੀਤੇ ਸਬੂਤ ਤੇ ਦਲੀਲਾਂ ਨੂੰ ਸੁਣਦਿਆਂ ਜ਼ਿਲਾ ਖਪਤਕਾਰ ਫੋਰਮ ਬਰਨਾਲਾ ਦੇ ਪ੍ਰਧਾਨ ਕੁਲਜੀਤ ਸਿੰਘ ਤੇ ਮੈਂਬਰ ਤੇਜਿੰਦਰ ਸਿੰਘ ਭੰਗੂ ਦੇ ਬੈਚ ਨੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਮਾਲੇਰਕੋਟਲਾ ਨੂੰ ਸ਼ਿਕਾਇਤਕਰਤਾ ਨੂੰ ਇੰਸ਼ੋਰੈਂਸ ਦੇ 6 ਲੱਖ ਰੁਪਏ 6 ਫੀਸਦੀ ਵਿਆਜ ਸਮੇਤ 30 ਦਿਨਾਂ ਦੇ ਅੰਦਰ-ਅੰਦਰ ਦੇਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ 10 ਹਜ਼ਾਰ ਰੁਪਏ ਹਰਜ਼ਾਨੇ ਵਜੋਂ ਦੇਣ ਦੇ ਹੁਕਮ ਸੁਣਾਏ।